Asian Games ‘ਚ ਸੀਮਾ ਕੁਮਾਰੀ ਨੇ ਵਧਾਇਆ ਮਾਣ; 10,000 ਮੀ: ਦੌੜ ‘ਚ ਜਿੱਤਿਆ ਤਗ਼ਮਾ
ਨਵੀ ਦਿੱਲੀ, 24 ਸਤੰਬਰ 2026 (ਵਿਸ਼ਵ ਵਾਰਤਾ): ਭਾਰਤ ਦੀ ਸੀਮਾ ਕੁਮਾਰੀ ਨੇ ਏਸ਼ੀਅਨ ਗੇਮਜ਼ ਦੀ ਮਹਿਲਾ 10,000 ਮੀ: ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ। ਉਹ ਭਾਰਤ ਦੀ ਤੀਜੀ ਮਹਿਲਾ ਐਥਲੀਟ ਹੈ ਜਿਨ੍ਹਾਂ ਨੂੰ ਏਸ਼ੀਆਡ ਵਿੱਚ ਮਹਿਲਾ 10,000 ਮੀਟਰ ਵਿੱਚ ਤਗ਼ਮਾ ਮਿਲਿਆ ਹੈ। 16 ਸਾਲਾਂ ਬਾਅਦ ਭਾਰਤ ਨੂੰ ਮਹਿਲਾ 10,000 ਮੀਟਰ ਵਿੱਚ ਤਗ਼ਮਾ ਮਿਲਿਆ ਹੈ।
ਸੀਮਾ ਨੇ 32:50.05 ਮਿੰਟ ਵਿੱਚ ਦੌੜ ਪੂਰੀ ਕੀਤੀ ਅਤੇ ਉਹ ਤੀਜੇ ਸਥਾਨ ‘ਤੇ ਰਹੀ। ਸੀਮਾ ਸ਼ੁਰੂਆਤ ਤੋਂ ਹੀ ਤਗ਼ਮੇ ਦੀ ਦੌੜ ਵਿੱਚ ਬਣੀ ਹੋਈ ਸੀ। ਇੱਕ ਸਮੇਂ ਉਹ ਚੌਥੇ ਸਥਾਨ ‘ਤੇ ਖਿਸਕ ਗਈ ਸੀ, ਪਰ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਤਗ਼ਮਾ ਭਾਰਤ ਦੀ ਝੋਲੀ ਵਿੱਚ ਆ ਸਕੇ।
ਮਿਜ਼ੂਹੋ ਪਾਰਕ ਐਥਲੇਟਿਕ ਸਟੇਡੀਅਮ ਵਿੱਚ ਮਹਿਲਾਵਾਂ ਦੀ 10,000 ਮੀਟਰ ਦੌੜ ਦੇ ਫ਼ਾਈਨਲ ਵਿੱਚ ਸੀਮਾ ਨੇ ਤੀਜਾ ਸਥਾਨ ਹਾਸਲ ਕਰਦੇ ਹੋਏ ਭਾਰਤ ਦਾ 16 ਸਾਲਾਂ ਦਾ ਇੰਤਜ਼ਾਰ ਵੀ ਖ਼ਤਮ ਕੀਤਾ।ਇਸ ਦੌੜ ਵਿੱਚ ਬਹਿਰੀਨ ਦੀ ਵਿਨਫ਼੍ਰੈਡ ਯਾਵੀ ਨੇ 32:39.18 ਸੈਕੰਡ ਦਾ ਸਮਾਂ ਲੈ ਕੇ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ, ਜਦੋਂ ਕਿ ਜਾਪਾਨ ਦੀ ਨੋਜ਼ੋਮੀ ਤਨਾਕਾ (32:41.54 ਸੈਕੰਡ) ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਸੀਮਾ ਏਸ਼ੀਅਨ ਗੇਮਜ਼ ਵਿੱਚ 10,000 ਮੀਟਰ ਦੌੜ ਵਿੱਚ ਤਗ਼ਮਾ ਜਿੱਤਣ ਵਾਲੀ ਤੀਜੀ ਭਾਰਤੀ ਮਹਿਲਾ ਬਣੀ ਹੈ। ਇਸ ਤੋਂ ਪਹਿਲਾਂ, ਸਾਲ 2010 ਵਿੱਚ ਪ੍ਰੀਜਾ ਸ਼੍ਰੀਧਰਨ ਨੇ ਸੋਨੇ ਦਾ ਤਗ਼ਮਾ ਜਿੱਤਿਆ ਸੀ, ਜਦੋਂ ਕਿ ਉਸੇ ਈਵੈਂਟ ਵਿੱਚ ਕਵਿਤਾ ਰਾਊਤ ਨੇ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























