Asian Games: ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਦੋ ਚਾਂਦੀ ਦੇ ਤਗਮੇ
– ਮਹਿਲਾ ਹਾਕੀ ਟੀਮ ਦੀ 19-0 ਨਾਲ ਵੱਡੀ ਜਿੱਤ
– ਸੁਚਿਕਾ ਨੇ ਪੱਕਾ ਕੀਤਾ ਤਮਗਾ
ਚੰਡੀਗੜ੍ਹ, 20 ਸਤੰਬਰ (ਵਿਸ਼ਵ ਵਾਰਤਾ) – 20ਵੀਆਂ ਏਸ਼ੀਆਈ ਖੇਡਾਂ ਦੇ ਪਹਿਲੇ ਦਿਨ ਭਾਰਤ ਨੇ 2 ਚਾਂਦੀ ਦੇ ਤਮਗੇ ਆਪਣੇ ਨਾਂ ਕੀਤੇ ਹਨ। ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਭਾਰਤ ਦੀ ਐਲਾਵੇਨਿਲ ਵਲਾਰਿਵਨ ਨੇ 252.4 ਅੰਕਾਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਉਹ ਗੋਲਡ ਮੈਡਲ ਤੋਂ ਸਿਰਫ਼ 0.6 ਅੰਕ ਪਿੱਛੇ ਰਹੀ। ਜਾਪਾਨ ਦੀ ਹਿਨਾਤਾ ਤਾਈਚੀ ਨੇ 253.0 ਅੰਕਾਂ ਨਾਲ ਸੋਨ ਤਮਗਾ ਜਿੱਤਿਆ। ਟੀਮ ਈਵੈਂਟ ਵਿੱਚ ਵੀ ਭਾਰਤੀ ਟੀਮ ਨੇ 1898.0 ਅੰਕਾਂ ਨਾਲ ਦੂਜਾ ਸਥਾਨ ਹਾਸਲ ਕਰਦਿਆਂ ਚਾਂਦੀ ਦਾ ਤਮਗਾ ਜਿੱਤਿਆ।
ਮਹਿਲਾ ਹਾਕੀ ਟੀਮ ਦੀ 19-0 ਨਾਲ ਵੱਡੀ ਜਿੱਤ
ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਉਜ਼ਬੇਕਿਸਤਾਨ ਨੂੰ 19-0 ਨਾਲ ਹਰਾਇਆ। ਇਸ ਮੁਕਾਬਲੇ ਵਿੱਚ ਦੀਪਿਕਾ ਨੇ ਸਭ ਤੋਂ ਵੱਧ 8 ਗੋਲ ਕੀਤੇ। ਉੱਧਰ ਭਾਰਤੀ ਪੁਰਸ਼ ਹਾਕੀ ਟੀਮ ਦਾ ਪਹਿਲਾ ਮੁਕਾਬਲਾ ਇੰਡੋਨੇਸ਼ੀਆ ਨਾਲ ਜਾਰੀ ਹੈ। ਫਿਲਹਾਲ ਭਾਰਤੀ ਟੀਮ 7-0 ਨਾਲ ਅੱਗੇ ਚੱਲ ਰਹੀ ਹੈ।
ਸੁਚਿਕਾ ਨੇ ਪੱਕਾ ਕੀਤਾ ਤਮਗਾ
ਮਿਕਸਡ ਮਾਰਸ਼ਲ ਆਰਟਸ ਦੀ ਟ੍ਰੈਡੀਸ਼ਨਲ ਕੈਟੇਗਰੀ (-60 ਕਿਲੋਗ੍ਰਾਮ) ਵਿੱਚ ਭਾਰਤ ਦੀ ਸੁਚਿਕਾ ਤਰਿਆਲ ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਆਪਣਾ ਤਮਗਾ ਪੱਕਾ ਕਰ ਲਿਆ ਹੈ। ਉਨ੍ਹਾਂ ਨੇ ਕੁਆਰਟਰਫਾਈਨਲ ਵਿੱਚ ਮੰਗੋਲੀਆ ਦੀ ਅਲਤਨਚਿਮੇਗ ਬੈਗਲਮਾ ਨੂੰ 2-0 ਨਾਲ ਹਰਾਇਆ।
ਜਾਪਾਨ 3 ਸੋਨ ਤਮਗਿਆਂ ਨਾਲ ਪਹਿਲੇ ਸਥਾਨ ’ਤੇ
ਮੈਡਲ ਟੈਲੀ ਵਿੱਚ ਭਾਰਤ ਇਸ ਸਮੇਂ ਛੇਵੇਂ ਸਥਾਨ ’ਤੇ ਹੈ। ਮੇਜ਼ਬਾਨ ਜਾਪਾਨ 3 ਸੋਨ ਤਮਗਿਆਂ ਨਾਲ ਪਹਿਲੇ ਸਥਾਨ ’ਤੇ ਹੈ, ਜਦਕਿ ਚੀਨ 2 ਸੋਨ ਤਮਗਿਆਂ ਸਮੇਤ ਕੁੱਲ 7 ਤਮਗਿਆਂ ਨਾਲ ਦੂਜੇ ਸਥਾਨ ’ਤੇ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























