ਅਦਾਕਾਰ ਅਮਿਤਾਭ ਬੱਚਨ ਦੇ ਬੰਗਲੇ ‘ਜਲਸਾ’ ਨੂੰ ਬੰਬ ਨਾਲ ਉਡਾਉਣ ਦੀ ਧਮਕੀ
– ਬੰਬੇ ਹਾਈ ਕੋਰਟ ਵੀ ਨਿਸ਼ਾਨਾ ‘ਤੇ?
ਮੁੰਬਈ, 6 ਨਵੰਬਰ 2026 (ਵਿਸ਼ਵ ਵਾਰਤਾ): ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਬੰਗਲੇ ‘ਜਲਸਾ’ ਨੂੰ ਉਡਾਉਣ ਦੀ ਧਮਕੀ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੰਬੇ ਹਾਈ ਕੋਰਟ ਨੂੰ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ, ਜਿਸ ਵਿੱਚ ਬੰਬੇ ਹਾਈ ਕੋਰਟ, ਬੀ.ਐਸ.ਈ. (ਬੰਬੇ ਸਟਾਕ ਐਕਸਚੇਂਜ), ਵਰਲੀ ਰੇਸਕੋਰਸ ਅਤੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਬੰਗਲੇ ‘ਜਲਸਾ’ ਨੂੰ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।
ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ, ਮੁੰਬਈ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਪੁਲਿਸ ਅਤੇ ਸਬੰਧਤ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਈਮੇਲ ਦੀ ਜਾਂਚ ਕਰਨ ਦੇ ਨਾਲ-ਨਾਲ, ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ, ਪੁਲਿਸ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਦੱਸ ਦਈਏ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ, ਅਮਿਤਾਭ ਬੱਚਨ ਹਰ ਐਤਵਾਰ ਵਾਂਗ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਘਰੋਂ ਬਾਹਰ ਆਏ, ਪਰ ਇਸ ਵਾਰ ਉਹ ਇੱਕ ਬੁਲੇਟ-ਪਰੂਫ ਸ਼ੀਸ਼ੇ ਦੇ ਪਿੱਛੇ ਦੇਖੇ ਗਏ ਸਨ। ਅਮਿਤਾਭ ਬੱਚਨ ਨੇ 1 ਨਵੰਬਰ ਨੂੰ ਆਪਣੇ ਘਰ ਦੇ ਬਾਹਰ ਬੁਲੇਟ-ਪਰੂਫ ਸ਼ੀਸ਼ੇ ਦੇ ਕੈਬਿਨੇਟ ਪਿੱਛੇ ਖੜ੍ਹੇ ਹੋ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਸੁਰੱਖਿਆ ਚਿੰਤਾਵਾਂ ਦੇ ਬਾਵਜੂਦ ਆਪਣੀ ਦਹਾਕਿਆਂ ਪੁਰਾਣੀ ਐਤਵਾਰ ਦੀ ਪਰੰਪਰਾ ਨੂੰ ਜਾਰੀ ਰੱਖਿਆ।























