ਅਮਰਨਾਥ ਯਾਤਰਾ ਨੂੰ ਲੈ ਕੇ ਪੁਲਿਸ ਨੇ ਜਾਰੀ ਕੀਤੀ ਖਾਸ ਐਡਵਾਈਜ਼ਰੀ
– 3 ਜੁਲਾਈ ਤੋਂ ਸ਼ੁਰੂ ਹੋਵੇਗੀ ਸਾਲਾਨਾ ਅਮਰਨਾਥ ਯਾਤਰਾ
ਨਵੀ ਦਿੱਲੀ, 23 ਜੂਨ 2026 (ਵਿਸ਼ਵ ਵਾਰਤਾ) : ਜੰਮੂ-ਕਸ਼ਮੀਰ ਪੁਲਿਸ ਨੇ 3 ਜੁਲਾਈ ਤੋਂ 28 ਅਗਸਤ ਤੱਕ ਹੋਣ ਵਾਲੀ ਸਾਲਾਨਾ ਅਮਰਨਾਥ ਯਾਤਰਾ 2026 ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਇੱਕ ਵਿਸਤ੍ਰਿਤ ਪਬਲਿਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਸ ਵਿੱਚ ਯਾਤਰੀਆਂ, ਸੈਲਾਨੀਆਂ ਅਤੇ ਆਮ ਜਨਤਾ ਨੂੰ ਟ੍ਰੈਫਿਕ ਨਿਯਮਾਂ ਅਤੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਕੀਤੀ ਗਈ ਇਸ ਐਡਵਾਈਜ਼ਰੀ ਅਨੁਸਾਰ, ਯਾਤਰਾ ਦੇ ਸਮੇਂ ਦੌਰਾਨ ਤੈਅ ਸਮੇਂ ‘ਤੇ ਨਵਯੁਗ ਟਨਲ ਤੋਂ ਆਮ ਟ੍ਰੈਫਿਕ ਦੀ ਆਵਾਜਾਈ ‘ਤੇ ਰੋਕ ਲਗਾਈ ਗਈ ਹੈ।
ਐਡਵਾਈਜ਼ਰੀ ਮੁਤਾਬਕ, ਕਸ਼ਮੀਰ ਤੋਂ ਜੰਮੂ ਵੱਲ ਜਾਣ ਵਾਲੇ ਆਮ ਵਾਹਨਾਂ ਨੂੰ ਹਰ ਰੋਜ਼ ਸਵੇਰੇ 11:30 ਵਜੇ ਤੋਂ ਪਹਿਲਾਂ ਨਵਯੁਗ ਟਨਲ ਪਾਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਸੇ ਤਰ੍ਹਾਂ, ਜੰਮੂ ਤੋਂ ਕਸ਼ਮੀਰ ਵੱਲ ਜਾਣ ਵਾਲੇ ਵਾਹਨਾਂ ਨੂੰ ਦੁਪਹਿਰ 3:00 ਵਜੇ ਤੋਂ ਬਾਅਦ ਟਨਲ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪੁਲਿਸ ਨੇ ਕਸ਼ਮੀਰ ਘਾਟੀ ਵਿੱਚ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਜਗ੍ਹਾਵਾਂ ਲਈ ਜਾਣ ਵਾਲੇ ਵਾਹਨਾਂ ਵਾਸਤੇ ਖ਼ਾਸ ਕੱਟ-ਆਫ਼ ਸਮਾਂ ਵੀ ਐਲਾਨਿਆ ਹੈ। ਮੀਰ ਬਾਜ਼ਾਰ ਤੋਂ ਸ਼੍ਰੀਨਗਰ ਅਤੇ ਅਨੰਤਨਾਗ ਵੱਲ ਜਾਣ ਵਾਲੇ ਵਾਹਨਾਂ ਲਈ ਕੱਟ-ਆਫ਼ ਸਮਾਂ ਸ਼ਾਮ 4:00 ਵਜੇ ਹੋਵੇਗਾ, ਜਦੋਂ ਕਿ ਨਵਯੁਗ ਟਨਲ ਵੱਲ ਜਾਣ ਵਾਲੇ ਵਾਹਨਾਂ ਨੂੰ ਸ਼ਾਮ 5:00 ਵਜੇ ਤੋਂ ਪਹਿਲਾਂ ਇਸਨੂੰ ਪਾਰ ਕਰਨਾ ਹੋਵੇਗਾ।
ਜੰਮੂ-ਕਸ਼ਮੀਰ ਪੁਲਿਸ ਨੇ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਯਾਤਰਾ ਦਾ ਸ਼ਡਿਊਲਪਹਿਲਾਂ ਤੋਂ ਹੀ ਤੈਅ ਕਰ ਲੈਣ। ਤੈਅ ਕੱਟ-ਆਫ਼ ਸਮੇਂ ਤੋਂ ਪਹਿਲਾਂ ਕਸ਼ਮੀਰ ਵੱਲ ਆਪਣੀ ਯਾਤਰਾ ਸ਼ੁਰੂ ਕਰਨ ਅਤੇ ਸੁਰੱਖਿਆ ਜਾਂਚ, ਮੌਸਮ ਕਾਰਨ ਹੋਣ ਵਾਲੀ ਦੇਰੀ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਲੋੜੀਂਦਾ ਸਮਾਂ ਹੱਥ ਵਿੱਚ ਰੱਖਣ।
ਦੱਸ ਦੇਈਏ ਕਿ 57 ਦਿਨਾਂ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ। ਇਹ ਯਾਤਰਾ ਦੋ ਰੂਟਾਂ ਰਾਹੀਂ ਚਲਾਈ ਜਾਵੇਗੀ। ਇਸ ਵਿੱਚ ਰਵਾਇਤੀ 48 ਕਿਲੋਮੀਟਰ ਲੰਬਾ ਨੁਨਵਾਨ-ਪਹਿਲਗਾਮ ਮਾਰਗ ਅਤੇ ਇਸ ਦੇ ਮੁਕਾਬਲੇ ਛੋਟਾ ਪਰ ਵਧੇਰੇ ਪਥਰੀਲਾ ਤੇ ਔਖਾ 14 ਕਿਲੋਮੀਟਰ ਲੰਬਾ ਬਾਲਟਾਲ ਮਾਰਗ ਸ਼ਾਮਲ ਹਨ। ਯਾਤਰਾ ਦੀ ਸਮਾਪਤੀ 28 ਅਗਸਤ ਨੂੰ ਰੱਖੜੀ ਮੌਕੇ ‘ਤੇ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























