ਕਲਯੁਗੀ ਪੁੱਤ ਨੇ ਕੀਤਾ 80 ਸਾਲਾਂ ਮਾਂ ਦਾ ਕਤਲ
– ਸਿਰ ‘ਤੇ ਪ੍ਰੈਸ਼ਰ ਕੁੱਕਰ ਨਾਲ ਕੀਤੇ ਕਈ ਵਾਰ
ਅਬੋਹਰ, 31 ਅਗਸਤ 2026 (ਵਿਸ਼ਵ ਵਾਰਤਾ): ਅਬੋਹਰ ਵਿੱਚ ਕਲਯੁਗੀ ਪੁੱਤ ਨੇ ਆਪਣੀ 80 ਸਾਲਾ ਬਜ਼ੁਰਗ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਦੁਪਹਿਰ ਲਗਭਗ 1 ਵਜੇ ਇਹ ਦਰਦਨਾਕ ਘਟਨਾ ਵਾਪਰੀ ਜਦ ਪੁੱਤਰ ਨੇ ਆਪਣੀ 80 ਸਾਲਾ ਮਾਂ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ 80 ਸਾਲਾ ਕ੍ਰਿਸ਼ਨਾ ਰਾਣੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ, ਸੰਤ ਨਗਰ ਗਲੀ ਨੰਬਰ-1 ਵਿੱਚ ਰਹਿਣ ਵਾਲੀ 80 ਸਾਲਾ ਕ੍ਰਿਸ਼ਨਾ ਰਾਣੀ ਦੇ ਦੋ ਪੁੱਤਰ ਹਨ। ਜਿਨ੍ਹਾਂ ਵਿੱਚੋਂ ਵੱਡਾ ਪੁੱਤਰ ਸੁਨੀਲ, ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਰੋਗੀ ਹੈ ਅਤੇ ਨਸ਼ਾ ਵੀ ਕਰਦਾ ਹੈ, ਅਕਸਰ ਉਸ ਦੇ ਨਾਲ ਹੀ ਰਹਿੰਦਾ ਸੀ। ਜਦਕਿ ਛੋਟਾ ਪੁੱਤਰ ਵਿਜੇ ਕੁਮਾਰ ਇੰਦਰਾ ਨਗਰੀ ਗਲੀ ਨੰਬਰ-4 ਵਿੱਚ ਉਨ੍ਹਾਂ ਤੋਂ ਵੱਖਰਾ ਰਹਿੰਦਾ ਸੀ।
ਤਿੰਨ ਦਿਨ ਪਹਿਲਾਂ ਹੀ ਮਾਂ ਸੁਨੀਲ ਕੋਲ ਰਹਿਣ ਲਈ ਆਈ ਸੀ। ਸੋਮਵਾਰ ਦੁਪਹਿਰ ਲਗਭਗ 1 ਵਜੇ ਜਦੋਂ ਸੁਨੀਲ ਕੁਮਾਰ ਨਸ਼ੇ ਵਿੱਚ ਧੁੱਤ ਸੀ, ਤਾਂ ਉਸ ਨੇ ਆਪਣੀ ਬਜ਼ੁਰਗ ਮਾਂ ਨਾਲ ਝਗੜਾ ਕੀਤਾ। ਉਸ ਦਾ ਹਮਲਾਵਰ ਰੂਪ ਦੇਖ ਕੇ ਉਸ ਦੀ ਮਾਂ ਆਪਣੀ ਜਾਨ ਬਚਾਉਣ ਲਈ ਕਮਰੇ ਵਿੱਚ ਚਲੀ ਗਈ ਅਤੇ ਕਮਰਾ ਅੰਦਰੋਂ ਬੰਦ ਕਰ ਲਿਆ, ਪਰ ਸੁਨੀਲ ਕੁਮਾਰ ਨੇ ਕਮਰੇ ਦੀ ਖਿੜਕੀ ਤੋੜ ਦਿੱਤੀ। ਫਿਰ ਘਰ ਵਿੱਚ ਰੱਖੇ ਪ੍ਰੈਸ਼ਰ ਕੁੱਕਰ ਨਾਲ ਮਾਂ ਦੇ ਸਿਰ ‘ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਤ ਹੋ ਗਈ। ਔਰਤ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਦੋਸ਼ੀ ਨੂੰ ਕਾਬੂ ਕਰ ਲਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੁਲਜ਼ਮ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























