“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਸੰਗਰੂਰ ਹਲਕੇ ’ਚ ਲੋਕ ਅੰਦੋਲਨ ਬਣਾਉਣ ਵੱਲ ਵੱਡਾ ਕਦਮ; ਨਰਿੰਦਰ ਕੌਰ ਭਰਾਜ ਨੇ ਤਿੰਨ ਜਾਗਰੂਕਤਾ ਈ-ਰਿਕਸ਼ਾ ਨੂੰ ਦਿੱਤੀ ਹਰੀ ਝੰਡੀ
-ਨਸ਼ਾ ਵੇਚਣ ਵਾਲਿਆਂ ਲਈ ਕੋਈ ਰਹਿਮ ਨਹੀਂ, ਲੋਕ ਨਿਡਰ ਹੋ ਕੇ ਦੇਣ ਜਾਣਕਾਰੀ- ਨਰਿੰਦਰ ਕੌਰ ਭਰਾਜ

ਸੰਗਰੂਰ, 08 ਮਈ (ਵਿਸ਼ਵ ਵਾਰਤਾ);- ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਈ-ਰਿਕਸ਼ਾ ਆਧਾਰਿਤ ਵਿਸ਼ਾਲ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਇੱਥੇ ਪੀ.ਡਬਲਿਊ.ਡੀ. ਰੈਸਟ ਹਾਊਸ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਗਈ। ਇਸ ਮੌਕੇ ਐਸ.ਡੀ.ਐਮ. ਸੰਗਰੂਰ ਸਤੀਸ਼ ਚੰਦਰ, ਡੀ.ਐਸ.ਪੀ ਸੁਖਦੇਵ ਸਿੰਘ, ਵੀ ਮੌਜੂਦ ਸਨ।
ਵਿਧਾਇਕ ਸ਼੍ਰੀਮਤੀ ਭਰਾਜ ਨੇ ਦੱਸਿਆ ਕਿ ਹਲਕਾ ਸੰਗਰੂਰ ਦੇ ਵੱਖ ਵੱਖ ਪਿੰਡਾਂ ਅਤੇ ਸੰਗਰੂਰ ਅਤੇ ਭਵਾਨੀਗੜ੍ਹ ਦੇ ਸ਼ਹਿਰੀ ਖੇਤਰਾਂ ਵਿੱਚ 03 ਨਸ਼ਾ ਵਿਰੋਧੀ ਈ-ਰਿਕਸ਼ਾ ਲਗਾਤਾਰ ਇੱਕ ਮਹੀਨੇ ਤੱਕ ਚਲਾਏ ਜਾਣਗੇ। ਇਹ ਈ-ਰਿਕਸ਼ਾ ਸਾਊਂਡ ਸਿਸਟਮ ਅਤੇ ਨਸ਼ਾ ਵਿਰੋਧੀ ਸੰਦੇਸ਼ਾਂ ਨਾਲ ਲੈਸ ਹੋਣਗੇ, ਜੋ ਪਿੰਡ-ਪਿੰਡ ਅਤੇ ਗਲੀ-ਗਲੀ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਗੇ।
ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਦੀ ਜ਼ਿੰਦਗੀ ਨਹੀਂ ਬਰਬਾਦ ਕਰਦਾ, ਸਗੋਂ ਪਰਿਵਾਰਾਂ ਦੀਆਂ ਖੁਸ਼ੀਆਂ, ਮਾਪਿਆਂ ਦੇ ਸੁਪਨੇ ਅਤੇ ਨੌਜਵਾਨਾਂ ਦਾ ਭਵਿੱਖ ਵੀ ਤਬਾਹ ਕਰ ਦਿੰਦਾ ਹੈ। ਇਸ ਲਈ ਸਮਾਜ ਦੇ ਹਰ ਵਰਗ ਨੂੰ ਇਸ ਲੜਾਈ ਵਿੱਚ ਅੱਗੇ ਆਉਣਾ ਹੋਵੇਗਾ।
ਸ਼੍ਰੀਮਤੀ ਭਰਾਜ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਈ-ਰਿਕਸ਼ਾ ’ਤੇ ਵਿਸ਼ੇਸ਼ ਸ਼ਿਕਾਇਤ ਬਾਕਸ ਵੀ ਲਗਾਏ ਗਏ ਹਨ ਤਾਂ ਜੋ ਕੋਈ ਵੀ ਵਿਅਕਤੀ ਬਿਨਾਂ ਡਰ ਜਾਂ ਝਿਜਕ ਦੇ ਨਸ਼ਾ ਵੇਚਣ ਵਾਲਿਆਂ ਜਾਂ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਬਾਰੇ ਜਾਣਕਾਰੀ ਦੇ ਸਕੇ।
ਉਨ੍ਹਾਂ ਭਰੋਸਾ ਦਿਵਾਇਆ ਕਿ ਹਰ ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਹ ਜੰਗ ਇਕੱਲੀ ਸਰਕਾਰ ਜਾਂ ਪੁਲਿਸ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਲੜਾਈ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ, ਤੰਦਰੁਸਤ ਅਤੇ ਸੁਰੱਖਿਅਤ ਪੰਜਾਬ ਦੀ ਸਿਰਜਣਾ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ।























