
ਕਮਿਸ਼ਨਰ ਨਗਰ ਨਿਗਮ ਫਗਵਾੜਾ ਰਾਜੀਵ ਵਰਮਾ
598 ਲਾਭਪਾਤਰੀਆਂ ਦਾ ਘਰ ਬਣਾਉਣ ਦਾ ਸੁਪਨਾ ਹੋਇਆ ਸਕਾਰ
ਫਗਵਾੜਾ 06 ਅਗਸਤ (ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਨਗਰ ਨਿਗਮ ਫਗਵਾੜਾ ਦੀ ਇਮਾਰਤ ਸ਼ਾਖਾ ਵਲੋਂ 598 ਲਾਭਪਾਤਰੀਆਂ ਨੂੰ 1.86 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਫਗਵਾੜਾ ਨਗਰ ਨਿਗਮ ਕਮਿਸ਼ਨਰ ਸ੍ਰੀ ਰਾਜੀਵ ਵਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਯੋਗ ਬਿਨੈਕਾਰਾਂ ਨੂੰ ਨਵਾਂ ਘਰ ਬਣਾਉਣ ਅਤੇ ਪਹਿਲੇ ਘਰ ਵਿੱਚ ਵਾਧਾ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਫਗਵਾੜਾ ਨਗਰ ਨਿਗਮ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 1.92 ਕਰੋੜ ਰੁਪਏ ਜਾਰੀ ਹੋਏ ਸਨ ਜਿਸ ਵਿਚੋਂ 1.86 ਕਰੋੜ ਰੁਪਏ ਲਾਭਪਾਤਰੀਆਂ ਨੂੰ ਜਾਰੀ ਕਰਦਿਆਂ ਉਨਾਂ ਦੇ ਚੰਗੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਕੁੱਲ 598 ਲਾਭਪਾਤਰੀਆਂ ਵਿਚੋਂ 504 ਨਵੇਂ ਘਰ ਦੀ ਉਸਾਰੀ ਵਾਲੇ ਸਨ ਜਦਕਿ 94 ਮਾਮਲਿਆਂ ਵਿੱਚ ਘਰ ਵਿੱਚ ਨਵੀਂ ਉਸਾਰੀ ਕਰਕੇ ਪਹਿਲੇ ਘਰ ਵਿੱਚ ਵਾਧਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਨਵੇਂ ਬਣਨ ਵਾਲੇ ਮਕਾਨਾਂ ਦੇ ਕੇਸਾਂ ਵਿੱਚ 282 ਵਿਅਕਤੀਆਂ ਨੂੰ ਪਹਿਲੀ ਕਿਸਤ ਵਜੋਂ 1.41 ਕਰੋੜ ਰੁਪਏ ਜਾਰੀ ਕੀਤੇ ਗਏ ਜਦਕਿ 72 ਕੇਸਾਂ ਵਿੱਚ ਦੂਜੀ ਕਿਸਤ ਵੀ ਜਾਰੀ ਕੀਤੀ ਗਈ ਹੈ ਜਿਸ ਤਹਿਤ 36 ਲੱਖ ਰੁਪਏ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮਾ ਕਰਵਾਏ ਜਾ ਚੁੱਕੇ ਹਨ,ਇਸ ਤੋਂ ਇਲਾਵਾ ਪੁਰਾਣੇ ਮਕਾਨਾਂ ਵਿੱਚ ਸੁਧਾਰ ਕਰਨ ਦੇ ਮਕਸਦ ਲਈ 27 ਲਾਭਪਾਤਰੀਆਂ ਨੂੰ 843662 ਰੁਪਏ ਜਾਰੀ ਕੀਤੇ ਗਏ ਹਨ।
ਸ੍ਰੀ ਵਰਮਾ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮਕਸਦ ਜਿਥੇ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਚੰਗੇ ਰਹਿਣ ਸਹਿਣ ਲਈ ਘਰ ਮੁਹੱਈਆ ਕਰਵਾਉਣਾ ਹੈ ਉਥੇ ਹੀ ਸ਼ਹਿਰੀ ਖੇਤਰਾਂ ਵਿਚ ਝੁੱਗੀ ਚੌਂਪੜੀਆਂ ਦੀ ਥਾਂ ‘ਤੇ ਨਵੇਂ ਘਰ ਬਣਾਉਣਾ ਵੀ ਸ਼ਾਮਿਲ ਹੈ। ਉਨਾਂ ਦੱਸਿਆ ਕਿ ਫਗਵਾੜਾ ਨਗਰ ਨਿਗਮ ਦੇ ਅਧੀਨ ਪੈਂਦੇ ਖੇਤਰਾਂ ਵਿੱਚ ਨਵੇਂ ਸਰਵੇ ਅਨੁਸਾਰ ਲੋੜਵੰਦਾਂ ਨੂੰ ਸਿਰ ‘ਤੇ ਛੱਤ ਮੁਹੱਈਆ ਕਰਵਾਉਣ ਲਈ 7 ਕਰੋੜ ਰੁਪਏ ਹੋਰ ਮੰਗੇ ਗਏ ਹਨ।






















