ਚੰਡੀਗੜ 5 ਅਗਸਤ (ਵਿਸ਼ਵ ਵਾਰਤਾ )-ਹਜ਼ੂਰ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਜਥੇਦਾਰ ਜੀ ਦੀ ਸਿਹਤ ਵਿੱਚ ਕਾਫੀ ਤੇਜ਼ੀ ਨਾਲ ਸੁਧਾਰ ਆ ਰਿਹਾ ਹੈ ।ਉਨ੍ਹਾਂ ਦੇ ਸਰੀਰ ਨੇ ਆਰਟੀਫਿਸ਼ਲ ਆਕਸੀਜਨ ਦੀ ਡਿਮਾਂਡ ਪਹਿਲਾਂ ਨਾਲੋ 20% ਪ੍ਰਤੀਸ਼ਤ ਘੱਟ ਕਰ ਦਿੱਤੀ ਹੈ ।ਇਹ ਜਾਣਕਾਰੀ ਹਜ਼ੂਰ ਸਾਹਿਬ ਟਰੱਸਟ ਦੇ ਸਾਬਕਾ ਚੇਅਰਮੈਨ ਸਾਬਕਾ ਪੁਲਸ ਮੁਖੀ ਮਹਾਰਾਸ਼ਟਰਾ ਡਾ ਪੀ ਐਸ ਪਸਰੀਚਾ ਨੇ ਕੌਮੀ ਮਾਰਗ ਨਾਲ ਗੱਲ ਕਰਦਿਆਂ ਦਿੱਤੀ ।
ਡਾ ਪੀ ਐਸ ਪਸਰੀਚਾ ਨੇ ਦੱਸਿਆ ਬਾਬਾ ਕੁਲਵੰਤ ਸਿੰਘ ਜੀ ਨੂੰ ਐਤਵਾਰ ਰਾਤੀਂ ਨਾਨਾਵਤੀ ਹਾਸਪਿਟਲ ਮੁੰਬਈ ਵਿਖੇ ਦਾਖਲ ਕਰਵਾਇਆ ਗਿਆ ਤਾਂ ਉਦੋਂ ਉਹ ਕਰੋਨਾ ਬਿਮਾਰੀ ਦੀ ਗੰਭੀਰ ਚਪੇਟ ਵਿੱਚ ਆ ਚੁੱਕੇ ਸਨ ।ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਰੀਰਕ ਸਥਿਤੀ ਕਾਫੀ ਨਾਜ਼ੁਕ ਸੀ ।ਡਾਕਟਰੀ ਰਿਪੋਰਟ ਮੁਤਾਬਿਕ ਉਦੋਂ ਉਨ੍ਹਾਂ ਦੇ ਫੇਫੜੇ ਸਿਰਫ 30% ਕੰਮ ਕਰ ਰਹੇ ਸਨ ।ਬਲੱਡ ਪ੍ਰੈਸ਼ਰ 90-59 ਸੀ । ਨਾਨਾਵਤੀ ਹਸਪਤਾਲ ਦੇ ਡਾਕਟਰ ਅਬਦੁੱਲ ਅਨਸਾਰੀ ਜੋ ਕਿ ਦੇਸ਼ ਵਿੱਚ ਕਰੋਨਾ ਟ੍ਰੀਟਮੈਂਟ ਦੇ ਸਪੈਸ਼ਲਿਸਟ ਡਾਕਟਰ ਹਨ , ਨੇ ਫੌਰਨ ਹੀ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਦਾ ਟਰੀਟਮੈਂਟ ਸ਼ੁਰੂ ਕਰ ਦਿੱਤਾ , ਡਾਕਟਰ ਸਾਹਿਬ ਦੇ ਟ੍ਰੀਟਮੈਂਟ ਨੇ ਬਾਬਾ ਕੁਲਵੰਤ ਸਿੰਘ ਜੀ ਦੀ ਸਿਹਤ ਵਿਚ ਕਾਫੀ ਸੁਧਾਰ ਦਿਖਾਇਆ ਹੈ ।
ਅੱਜ ਬਾਬਾ ਕੁਲਵੰਤ ਸਿੰਘ ਜੀ ਨਾਲ ਵੀਡੀਓ ਕਾਨਫਰੰਸ ਕਰਨ ਤੋਂ ਬਾਅਦ ਡਾ ਪਸਰੀਚਾ ਨੇ ਦੱਸਿਆ ਕਿ ਐਤਵਾਰ ਤੋਂ ਲੈ ਕੇ ਅੱਜ ਬੁੱਧਵਾਰ ਤੱਕ ਉਨ੍ਹਾਂ ਬਾਬਾ ਜੀ ਦੇ ਚਿਹਰੇ ਉੱਪਰ ਕਾਫ਼ੀ ਰੌਣਕ ਦੇਖੀ ਹੈ , ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ।ਡਾ ਪਸਰੀਚਾ ਨੇ ਦੱਸਿਆ ਕਿ ਡਾਕਟਰਾਂ ਨੇ ਕੱਲ੍ਹ ਬਾਬਾ ਕੁਲਵੰਤ ਸਿੰਘ ਜੀ ਨੂੰ ਕੁਝ ਸਮੇਂ ਲਈ ਕੁਰਸੀ ਉੱਪਰ ਵੀ ਬਿਠਾਇਆ , ਅੱਜ ਬਾਬਾ ਕੁਲਵੰਤ ਸਿੰਘ ਜੀ ਨੂੰ ਸਾਹ ਦੀ ਐਕਸਰਸਾਈਜ਼ ਵੀ ਕਰਵਾਈ, ਜੋ ਉਨ੍ਹਾਂ ਨੇ ਸੌਖਿਆਂ ਹੀ ਕਰ ਲਈ । ਹੁਣ ਉਨ੍ਹਾਂ ਦਾ ਸਰੀਰ ਪਹਿਲਾਂ ਨਾਲੋਂ ਆਰਟੀਫਿਸ਼ਲ ਆਕਸੀਜ਼ਨ ਦੀ ਮੰਗ 20% ਘੱਟ ਕਰ ਰਿਹਾ ਹੈ, ਬਲੱਡ ਪ੍ਰੈਸ਼ਰ ਵੀ ਨਾਰਮਲ ਆ ਚੁੱਕਾ ਹੈ ਕਿਡਨੀ ਅਤੇ ਲੀਵਰ ਵੀ ਨਾਰਮਲ ਦੇ ਨੇੜੇ ਹਨ ਇਹ ਜਾਣਕਾਰੀ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਜਾਰੀ ਰਿਪੋਰਟ ਅਨੁਸਾਰ ਮਿਲੀ ।
ਡਾਕਟਰ ਪਸਰੀਚਾ ਨੇ ਦੱਸਿਆ ਦੋ ਦਿਨ ਪਹਿਲਾਂ ਜਦੋਂ ਜਥੇਦਾਰ ਸਾਹਿਬ ਦਾ ਫੇਰ ਕਰੋਨਾ ਟੈਸਟ ਕੀਤਾ ਗਿਆ ਤਾਂ ਉਹ ਨੈਗੇਟਿਵ ਵਿੱਚ ਆਇਆ ਪ੍ਰੰਤੂ ਡਾਕਟਰ ਹਾਲੇ ਵੀ ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਣਾ ਚਾਹੁੰਦੇ ਹਨ ।ਡਾ ਪਸਰੀਚਾ ਨੇ ਦੱਸਿਆ ਕਿ ਬਾਬਾ ਕੁਲਵੰਤ ਸਿੰਘ ਜੀ ਨੂੰ ਇੱਕ ਗੱਲ ਦਾ ਦੁੱਖ ਲੱਗ ਰਿਹਾ ਹੈ ਕਿ ਉਹ ਤਖਤ ਸਾਹਿਬ ਦੀ ਸੇਵਾ ਤੋਂ ਵੰਚਿਤ ਹੋ ਰਹੇ ਹਨ ।ਇੱਥੇ ਸਾਬਕਾ ਡੀ ਜੀ ਪੀ ਡਾ ਪਸਰੀਚਾ ਨੇ ਸਾਧ ਸੰਗਤ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਸਤਿਗੁਰੂ ਦੇ ਚਰਨਾਂ ਵਿੱਚ ਜਥੇਦਾਰ ਕੁਲਵੰਤ ਸਿੰਘ ਜੀ ਵਾਸਤੇ ਦੇਹ ਅਰੋਗਤਾ ਲਈ ਅਰਦਾਸ ਬੇਨਤੀ ਕਰਨ ।ਡਾਕਟਰ ਪਸਰੀਚਾ ਨੇ ਦੱਸਿਆ ਕਿ ਨਾਨਾਵਤੀ ਹਸਪਤਾਲ ਦੇ ਸੀ ਓ ਮਨਪ੍ਰੀਤ ਸੋਹਲ ਉਨ੍ਹਾਂ ਦੇ ਸਾਥੀ ਜਸਬੀਰ ਸਿੰਘ ਧਾਮ ਤੇ ਹਜ਼ੂਰ ਸਾਹਿਬ ਟਰੱਸਟ ਦੇ ਸਰਦਾਰ ਭੁਪਿੰਦਰ ਸਿੰਘ ਮਿਨਹਾਸ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਨਾਲ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਦਾ ਇਲਾਜ ਸ਼ੁਰੂ ਹੋ ਸਕਿਆ ।






















