ਪਟਿਆਲਾ 28 ਜੁਲਾਈ ( ਵਿਸ਼ਵ ਵਾਰਤਾ )-ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਇਕ ਅਨੋਖੀ ਪਹਿਲ ਕਰਦਿਆਂ ਅਸਲਾ ਲਾਇਸੈਂਸ ਲਈ ਬੂਟੇ ਲਗਾਉਣ ਦੀ ਆਪਣੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਅਰੰਭੀ ਅਜਿਹੀ ਮੁਹਿੰਮ ਦੀ ਸਫ਼ਲਤਾ ਮਗਰੋਂ ਪਟਿਆਲਾ ਜ਼ਿਲ੍ਹੇ ਵਿੱਚ ਵੀ ‘ਅਸਲਾ ਲਾਇਸੈਂਸ ਲਈ ਬੂਟੇ’ ਦੀ ਨਿਵੇਕਲੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। 29 ਜੁਲਾਈ ਨੂੰ ਇਸ ਮੁਹਿੰਮ ਦੇ ਆਗ਼ਾਜ਼ ਦੌਰਾਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕਰਕੇ ਲੋਕਾਂ ਨੂੰ ਬੂਟੇ ਲਗਾ ਕੇ ਵਾਤਾਵਰਨ ਦੀ ਸੰਭਾਲ ਲਈ ਹੰਭਲਾ ਮਾਰਨ ਦੀ ਅਪੀਲ ਕਰਨਗੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੀ ਮੌਜੂਦ ਰਹਿਣਗੇ।ਸ੍ਰੀ ਗੈਂਦ ਨੇ ਦੱਸਿਆ ਕਿ ਪਟਿਆਲਾ ਜਿਲ੍ਹੇ ਵਿੱਚ 42000 ਦੇ ਕਰੀਬ ਅਸਲਾ ਲਾਇਸੰਸ ਧਾਰਕ ਹਨ ਅਤੇ ਇਨਾ ਵਿਚੋਂ 200 ਦੇ ਕਰੀਬ ਹਰ ਮਹੀਨੇ ਰੀਨੀਊ ਹੁੰਦੇ ਹਨ, ਪ੍ਰਸਾਸ਼ਨ ਵੱਲੋਂ ਨਵੇਂ ਲਾਇਸੰਸ ਲਈ 10 ਬੂਟੇ ਅਤੇ ਰੀਨੀਊ ਲਈ 5 ਬੂਟੇ ਲਗਾ ਕੇ ਆਪਣੀ ਸੈਲਫੀ ਲੈਣ ਅਤੇ ਫੇਰ ਇਕ ਮਹੀਨੇ ਬਾਅਦ ਬੂਟਿਆਂ ਦੀ ਸੰਭਾਲ ਦੀਆਂ ਤਸਵੀਰਾਂ ਜਮ੍ਹਾਂ ਕਰਵਾਉਣ ਬਾਅਦ ਹੀ ਪ੍ਰਾਰਥੀ ਦੀ ਫਾਈਲ ਪ੍ਰਵਾਨਗੀ ਲਈ ਅੱਗੇ ਤੋਰੀ ਜਾਵੇਗੀ। ਕਮਿਸ਼ਨਰ ਨੇ ਕਿਹਾ ਕਿ ਇਹ ਫੈਸਲਾ ਜ਼ਿਲ੍ਹੇ ਵਿਚ ਹਰਿਆਲੀ ਵਧਾਉਣ ਵਿਚ ਮਦਦਗਾਰ ਸਾਬਤ ਹੋਵੇਗਾ ਅਤੇ ਪਟਿਆਲਾ ਵਿਖੇ ਇਸ ਮੁਹਿੰਮ ਦੀ ਸਫਲਤਾ ਮਗਰੋਂ ਡਵੀਜ਼ਨ ਦੇ ਬਾਕੀ ਜ਼ਿਲਿ੍ਆਂ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ।