
ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਮੋਦੀ ਸਰਕਾਰ ਖਿਲਾਫ ਟਰੈਕਟਰਾਂ ਤੇ ਕੀਤੇ ਰੋਸ ਮਾਰਚ,ਘੇਰੇ ਅਕਾਲੀ ਭਾਜਪਾ ਆਗੂਆਂ ਦੇ ਦਫ਼ਤਰ ਤੇ ਘਰ
-ਬਠਿੰਡਾ ਚ ਕਿਸਾਨਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ
ਬਠਿੰਡਾ, 27 ਜੁਲਾਈ (ਕੁਲਬੀਰ ਬੀਰਾ):ਮੋਦੀ ਸਰਕਾਰ ਵੱਲੋਂ ਪਾਸ ਕੀਤੇ 3 ਆਰਡੀਨੈਂਸ ਰੱਦ ਕਰਵਾਉਣ, ਤੇਲ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲੈਣ ਅਤੇ ਬਿਜਲੀ ਬਿੱਲ ਰੱਦ 2020 ਕਰਾਉਣ ਸਮੇਤ ਕਿਸਾਨਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਦੀਆਂ ਕਰੀਬ 13 ਕਿਸਾਨ ,ਮਜ਼ਦੂਰ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਖਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਕਿਸਾਨਾਂ ਵੱਲੋਂ ਡੀਜ਼ਲ-ਪੈਟਰੋਲ ਦੀ ਬੱਚਤ ਲਈ ਖੁਦ ਟਰੈਕਟਰਾਂ ਵਿੱਚ ਤੇਲ ਦੀ ਖਪਤ ਕਰਕੇ ਉਪਰੋਕਤ ਮੰਗਾਂ ਨੂੰ ਲੈ ਕੇ ਅਕਾਲੀ ਭਾਜਪਾ ਗਠਬੰਧਨ ਦੇ ਮੰਤਰੀ ,ਲੋਕ ਸਭਾ ਮੈਂਬਰਾਂ ,ਸਾਬਕਾ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਦੇ ਘਰਾਂ ਮੂਹਰੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਮੌਕੇ ਪੰਜਾਬ ਦੀਆਂ ਸੜਕਾਂ ਕਿਸਾਨੀ ਝੰਡਿਆਂ ਦੇ ਰੰਗ ਵਿੱਚ ਰੰਗੀਆਂ ਹੋਈਆਂ ਨਜ਼ਰ ਆਈਆਂ ਅਤੇ ਸੜਕਾਂ ਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਗੂੰਜਦੇ ਹੋਏ ਨਜਰ ਆੲੇ। ਜ਼ਿਲ੍ਹਾ ਬਠਿੰਡਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਝੰਡਾ ਸਿੰਘ ਜੇਠੂਕੇ, ਬੀਬੀ ਹਰਜਿੰਦਰ ਕੌਰ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਮਰਜੀਤ ਸਿੰਘ ਹਨੀ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਵੱਖ ਵੱਖ ਥਾਈਂ ਰੋਸ ਪ੍ਰਦਰਸ਼ਨ ਕੀਤੇ ਗਏ । ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਪੰਜਾਬ ਦੀ ਮਲੂਕਾ ਵਿਖੇ ਕੋਠੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਵਿਖੇ ਦਫ਼ਤਰ ਦਾ ਵੀ ਘਿਰਾਓ ਕੀਤਾ ਗਿਆ । 13 ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਪਿੰਡ ਬਾਦਲ ਵੱਲ ਵੀ ਕੂਚ ਕੀਤਾ । ਧਰਨਿਆਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਮੋਦੀ ਸਰਕਾਰ ਤੇ ਕਿਸਾਨ ਵਿਰੋਧੀ ਨੀਤੀਆਂ ਅਪਣਾਉਣ ਦੇ ਦੋਸ਼ ਲਾਏ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਤੇ ਉਨ੍ਹਾਂ ਨੀਤੀਆਂ ਦੀ ਹਮਾਇਤ ਕਰਨ ਦੇ ਗੰਭੀਰ ਦੋਸ਼ ਲਾਏ । ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੱਕਾਂ ਨੂੰ ਕੁਚਲਣ ਲਈ 3 ਆਰਡੀਨੈਂਸ ਲੈ ਕੇ ਆਈ ਹੈ ,ਤਾਂ ਜੋ ਧਨਾਡ ਕੰਪਨੀਆਂ ਨੂੰ ਅੱਗੇ ਲਿਆਂਦਾ ਜਾਵੇ ਅਤੇ ਛੋਟੇ ਕਿਸਾਨ, ਮਜ਼ਦੂਰ, ਮੁਲਾਜ਼ਮ ,ਵਪਾਰੀ ਮਾਰੇ ਜਾਣ, ਜੋ ਬਰਦਾਸ਼ਤਯੋਗ ਨਹੀਂ, ਇਸੇ ਲੜੀ ਤਹਿਤ ਬਿਜਲੀ ਬਿੱਲ 2020 ਲਿਆਂਦਾ ਗਿਆ ਹੈ, ਜਿਸ ਨਾਲ ਕਿਸਾਨਾਂ, ਮਜ਼ਦੂਰਾਂ ਤੇ ਵਾਧੂ ਆਰਥਿਕ ਬੋਝ ਪਾਉਣ ਦੀ ਸਾਜ਼ਿਸ਼ ਹੈ, ਤੇਲ ਕੀਮਤਾਂ ਵਿੱਚ ਲਗਾਤਾਰ ਵਾਧਾ ਹਰ ਵਿਅਕਤੀ ਤੇ ਆਰਥਿਕ ਬੋਝ ਹੈ ਜੋ ਬਰਦਾਸ਼ਤ ਯੋਗ ਨਹੀਂ। ਕਿਸਾਨ ਆਗੂਆਂ ਨੇ ਤਿੰਨੇ ਆਰਡੀਨੈਂਸ ਰੱਦ ਕਰਨ, ਤੇਲ ਕੀਮਤਾਂ ਵਿਚ ਵਾਧਾ ਵਾਪਸ ਲੈਣ, ਬਿਜਲੀ ਬਿੱਲ 2020 ਰੱਦ ਕਰਨ, ਸਵਾਮੀਨਾਥਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦੇਣ, ਖੇਤੀ ਪੈਦਾਵਾਰ ਲਈ ਵਰਤੋਂ ਵਾਲੀਆਂ ਚੀਜ਼ਾਂ ਸਬਸਿਡੀ ਤੇ ਦੇਣ ਅਤੇ ਕਿਸਾਨਾਂ ਨੂੰ ਬਿਨਾਂ ਵਿਆਜ ਕਰਜ਼ੇ ਦੇਣ ਦੇ ਅਹਿਮ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤੇ ਗਏ । ਜ਼ਿਕਰਯੋਗ ਹੈ ਕਿ ਅੱਜ ਦੇ ਦਿਨ ਤੇ ਰੋਸ ਪ੍ਰਦਰਸ਼ਨਾਂ ਲਈ ਪਿਛਲੇ ਦਸ ਦਿਨਾਂ ਤੋਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਤਿਆਰੀਆਂ ਵਿੱਢੀਆਂ ਗਈਆਂ ਸਨ ਦਫ਼ਤਰਾਂ ਦੇ ਘਿਰਾਓ ਨੂੰ ਰੋਕਣ ਲਈ ਪੁਲਿਸ ਵੱਲੋਂ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪ੍ਰੰਤੂ ਇਹ ਪ੍ਰਬੰਧ ਕਿਤੇ ਨਜ਼ਰ ਨਹੀਂ ਆਏ ਅਤੇ ਕਿਸਾਨਾਂ ਵੱਲੋਂ ਤੇਲ ਦੀ ਬੱਚਤ ਕਰਨ ਲਈ ਖੁਦ ਟਰੈਕਟਰਾਂ ਵਿੱਚ ਤੇਲ ਖਪਤ ਕਰਕੇ ਪ੍ਰਦਰਸ਼ਨ ਕੀਤੇ ਗਏ ਇਸ ਮੌਕੇ ਕੈਪਟਨ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਈ ਧਾਰਾ 144 ਦੀਆਂ ਵੀ ਧੱਜੀਆਂ ਉਡਦੀਆਂ ਹੋਈਆਂ ਨਜ਼ਰ ਆਈਆਂ ਅਤੇ ਵੱਡੇ ਇਕੱਠ ਰਾਹੀਂ ਪ੍ਰਦਰਸ਼ਨ ਹੋਏ ।
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 18 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...






















