ਨਵੀਂ ਭਰਤੀ ਵਿਚ ਕੇਂਦਰੀ ਤਨਖਾਹ ਸਕੇਲਾਂ ਨੂੰ ਲਾਗੂ ਕਰਨ ਦਾ ਸਖ਼ਤ ਵਿਰੋਧ

ਚੰਡੀਗੜ੍ਹ 19 ਜੁਲਾਈ( ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਪੁਨਰ ਗਠਨ ਯੋਜਨਾ ਅਧੀਨ ਜਲ ਸਰੋਤ ਵਿਭਾਗ ਵਿੱਚ 8657 ਤੇ ਪੁਲੀਸ ਵਿਭਾਗ ਵਿੱਚ 4849 ਰੈਗੂਲਰ ਅਸਾਮੀਆਂ ਨੂੰ ਖ਼ਤਮ ਕਰਨ ਦੇ ਕਦਮ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ । ਉਨ੍ਹਾਂ ਦੱਸਿਆ ਕਿ ਘਰ ਘਰ ਨੌਕਰੀ ਦਾ ਹੋਕਾ ਦੇ ਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਹਜ਼ਾਰਾਂ ਅਸਾਮੀਆਂ ਨੂੰ ਵੱਖ -ਵੱਖ ਵਿਭਾਗਾਂ ਵਿੱਚ ਖਤਮ ਕਰਕੇ ਬੇਰੁਜ਼ਗਾਰਾਂ ਦੇ ਰੋਜ਼ਗਾਰ ਦੇ ਮੌਕਿਆਂ ਨੂੰ ਸੀਮਤ ਕਰ ਰਹੀ ਹੈ ਤੇ ਬਸਪਾ ਸਰਕਾਰ ਦੀਆਂ ਇਨ੍ਹਾਂ ਕਾਰਵਾਈਆਂ ਦਾ ਪੁਰਜ਼ੋਰ ਵਿਰੋਧ ਕਰਦੀ ਹੈ, ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਕੈਪਟਨ ਸਰਕਾਰ ਨੇ ਸਾਢੇ ਤਿੰਨ ਸਾਲ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਸੜਕਾਂ ਤੇ ਧਰਨੇ ਮੁਜ਼ਾਹਰੇ ਕਰਨ ਤੱਕ ਹੀ ਸੀਮਤ ਰੱਖਿਆ, ਜਦੋਂ ਕਿ ਸਰਕਾਰ ਨੂੰ ਹੁਣ ਆਪਣੇ ਬਾਕੀ ਬੱਚਦੇ ਡੇਢ ਸਾਲ ਵਿੱਚ ਸੱਤਾ ਤੋਂ ਪਹਿਲਾਂ ਕੀਤੇ ਘਰ- ਘਰ ਰੋਜ਼ਗਾਰ ਦੇ ਵਾਅਦੇ ਅਨੁਸਾਰ ਸਾਰੇ ਵਿਭਾਗਾਂ ਵਿੱਚ ਪੂਰੀਆਂ ਤਨਖਾਹਾਂ ਤੇ ਲੱਖਾਂ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਕੇ ਨੌਜਵਾਨਾਂ ਨਾਲ ਇਨਸਾਫ ਕਰਨਾ ਚਾਹੀਦਾ ਹੈ । ਉਨ੍ਹਾਂ ਪਿਛਲੇ ਦਿਨਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮਾਲਵੇ ਦੇ ਦੌਰੇ ਦੌਰਾਨ ਪੜ੍ਹੇ ਲਿਖੇ ਹੁਨਰਮੰਦ ਬੀਏ ਐਮਏ, ਟੈੱਟ ,ਤੇ ਨੈੱਟ ਪਾਸ ਨੌਜਵਾਨਾਂ ਨੂੰ ਖੇਤਾਂ ਵਿੱਚ ਝੋਨਾ ਲਾਉਂਦਿਆਂ ਦੇਖ ਇਨ੍ਹਾਂ ਜਾਬਰ ਸਰਕਾਰਾਂ ਦੇ 70 ਸਾਲਾਂ ਦੇ ਕਾਰਨਾਮਿਆਂ ਦੇ ਦ੍ਰਿਸ਼ ਨੂੰ ਦੇਖ ਹਰੇਕ ਪੰਜਾਬੀ ਦਾ ਸੀਨਾ ਪਸੀਜਿਆ ਗਿਆl ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਮੌਜੂਦਾ ਤੇ ਪਿਛਲੀਆਂ ਸਰਕਾਰਾਂ ਨੇ ਪੰਜਾਬ ,ਪੰਜਾਬੀਅਤ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਲੀਰੋ- ਲੀਰ ਕੀਤਾ ,ਤੇ ਇਹੀ ਕਾਰਨ ਹੈ ਕਿ ਪੰਜਾਬੀ ਬਹਾਦਰ ਕੌਮ ਦੇ ਨੌਜਵਾਨ ਕੁੜੀਆਂ -ਮੁੰਡੇ ਅੱਜ ਲੱਖਾਂ ਰੁਪਏ ਖ਼ਰਚ ਵਿਦੇਸ਼ਾਂ ਨੂੰ ਛਾਲਾਂ ਮਾਰਨ ਨੂੰ ਕਾਹਲੇ ਪਏ ਹਨ । ਗੁਰੂਆਂ ਦੇ ਪੰਜਾਬ ਦਾ ਅੱਜ ਇਨ੍ਹਾਂ ਹਾਕਮਾਂ ਨੇ ਕਚੂੰਬਰ ਕੱਢਿਆ ਹੋਇਆ ਹੈ ।
ਇਸ ਮੌਕੇ ਗੜ੍ਹੀ ਜੀ ਨੇ ਕੈਪਟਨ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਕੀਤੀ ਜਾ ਰਹੀ ਨਵੀਂ ਭਰਤੀ ਵਿਚ ਕੇਂਦਰੀ ਤਨਖਾਹ ਸਕੇਲਾਂ ਨੂੰ ਲਾਗੂ ਕਰਨ ਦਾ ਸਖ਼ਤ ਵਿਰੋਧ ਪ੍ਰਗਟ ਕੀਤਾ ਤੇ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਹੋਣ ਵਾਲੀਆਂ ਨਵੀਆਂ ਭਰਤੀਆਂ ਤੇ ਵੀ ਇਨ੍ਹਾਂ ਕੇਂਦਰੀ ਤਨਖਾਹ ਸਕੇਲਾਂ ਨੂੰ ਥੋਪ ਕੇ ਕੈਪਟਨ ਸਰਕਾਰ ਨਵੀਆਂ ਨੌਕਰੀਆਂ ਉਡੀਕ ਰਹੇ ਨੌਜਵਾਨਾਂ ਨਾਲ ਸਰਾ ਸਰ ਧੱਕਾ ਕਰ ਰਹੀ ਹੈ ਤੇ ਇਸ ਨੂੰ ਗੈਰ ਸੰਵਿਧਾਨਿਕ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਨਵੇ ਤੇ ਪੁਰਾਣੇ ਮੁਲਾਜ਼ਮਾਂ ਨਾਲ ਤਨਖਾਹਾਂ ਵਿੱਚ ਵਿਤਕਰਾ ਗੈਰ- ਤਰਕਸੰਗਤ ਹੈ ਤੇ ਇਹ ਸਿਰਫ ਮੁਲਾਜ਼ਮਾਂ ਨੂੰ ਦੋ ਫਾੜ ਕਰਨ ਦੀਆਂ ਸਰਕਾਰੀ ਚਾਲਾਂ ਹੀ ਹਨ ।






















