

ਝੋਨਾ ਲਵਾਉਣ ਦੇ ਨਾਲ ਨਾਲ ਆਨਲਾਈਨ ਪ੍ਰੀਖਿਆ ਵੀ ਦੇ ਰਹੀ ਹੈ,ਘੁਮਿਆਰਾ ਸਕੂਲ ਦੀ ਬੱਚੀ
ਮਾਨਸਾ 16 ਜੁਲਾਈ (ਵਿਸ਼ਵ ਵਾਰਤਾ)- ਕਰੋਨਾ ਦੀ ਔਖੀ ਘੜੀ ਦੌਰਾਨ ਧੀਆਂ ਮਾਪਿਆਂ ਦਾ ਸਹਾਰਾ ਬਣਨ ਲੱਗੀਆਂ ਹਨ, ਉਹ ਕਹਿਰ ਦੀ ਗਰਮੀ ਚ ਖੇਤਾਂ ਚ ਝੋਨਾ ਵੀ ਲਾ ਰਹੀਆਂ ਹਨ ਅਤੇ ਨਾਲ ਨਾਲ ਆਨਲਾਈਨ ਪੇਪਰ ਦੇਕੇ ਸਿੱਖਿਆ ਵਿਭਾਗ ਦੀ ਆਨਲਾਈਨ ਸਿੱਖਿਆ ਦਾ ਮੁੱਲ ਵੀ ਤਾਰ ਰਹੀਆਂ ਹਨ।
ਖੇਤਾਂ ਚ ਝੋਨਾ ਲਾਉਣ ਲਈ ਪਨੀਰੀ ਪੁੱਟ ਰਹੇ ਕਾਮਿਆਂ ਕੋਲ ਆਨਲਾਈਨ ਪ੍ਰੀਖਿਆ ਦੇ ਰਹੀ ਬੱਚੀ ਪ੍ਰਭਜੋਤ ਕੌਰ ਜ਼ਿਲ੍ਹਾ ਫਰੀਦਕੋਟ ਦੇ ਸਰਕਾਰੀ ਮਿਡਲ ਸਕੂਲ ਘੁਮਿਆਰਾ ਦੀ ਹੋਣਹਾਰ ਵਿਦਿਆਰਥਣ ਉਨ੍ਹਾਂ ਅਨੇਕਾਂ ਵਿਦਿਆਰਥੀਆਂ ਲਈ ਪ੍ਰੇਰਨਾ ਵੀ ਬਣੀ ਹੋਈ ਹੈ,ਜੋ ਏ ਸੀ ਦੀਆਂ ਠੰਡੀਆਂ ਹਵਾਵਾਂ ਚ ਵੀ ਸੁਸਤੀ ਦੀ ਚਾਦਰ ਲੈਕੇ ਘੂਕ ਸੁੱਤੇ ਰਹਿੰਦੇ ਹਨ।
ਬੱਚੀ ਦੇ ਇਸ ਸਿੱਦਕ ਨੂੰ ਹਰ ਕੋਈ ਸਲਾਮ ਹੈ, ਕਰ ਰਿਹਾ ਹੈ, ਕੱਲ੍ਹ ਪਹਿਲੇ ਦਿਨ ਹੀ ਇਹ ਵੀਡੀਓ ਸੈਂਕੜੇ ਗਰੁੱਪਾਂ ਤੇ ਵਾਇਰਲ ਹੋ ਗਈ ਅਤੇ ਬਿਨਾਂ ਜਾਣਿਆ ਵੀ ਕਿ ਇਹ ਬੱਚੀ ਕੌਣ ਹੈ,ਕਿਥੋਂ ਹੈ,ਉਸਦੀ ਹੋਸਲਾ ਅਫਜਾਈ ਲਈ ਲੇਖਕ ਮਨਾਂ ਨੇ ਅਪਣੀਆਂ ਭਾਵੁਕ ਕਵਿਤਾਵਾਂ ਲਿਖ ਧਰੀਆਂ। ਇਹ ਬੱਚੀ ਖੇਤਾਂ ਚ ਅਪਣੇ ਪਿਤਾ ਨਾਲ ਝੋਨਾ ਵੀ ਲਵਾ ਰਹੀ ਹੈ ਅਤੇ ਨਾਲ ਨਾਲ ਸਿੱਖਿਆ ਵਿਭਾਗ ਦੀ ਆਨਲਾਈਨ ਪ੍ਰੀਖਿਆ ਵੀ ਨੇਪਰੇ ਚਾੜ ਰਹੀ ਹੈ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ
ਪ੍ਰਭਜੋਤ ਕੌਰ ਪੁੱਤਰੀ ਬੂਟਾ ਸਿੰਘ ਸਰਕਾਰੀ ਮਿਡਲ ਸਕੂਲ ਘੁਮਿਆਰਾ ਵਿਖੇ ਅੱਠਵੀਂ ਕਲਾਸ ਦੀ ਵਿਦਿਆਰਥਣ ਹੈ,ਜੋ ਸਕੂਲ ਦੀਆਂ ਵੱਖ ਵੱਖ ਸਰਗਰਮੀਆਂ ਚ ਮੋਹਰੀ ਰਹਿੰਦੀ ਹੈ,ਉਸ ਦੀਆਂ ਦੋ ਹੋਣਹਾਰ ਭੈਣਾਂ ਅਕਾਸ਼ਦੀਪ ਕੌਰ ਸਰਕਾਰੀ ਸੈਕੰਡਰੀ ਸਕੂਲ ਮੌਰਾਂਵਾਲੀ ਵਿਖੇ ਨੋਵੀਂ ਕਲਾਸ ਅਤੇ ਦੂਸਰੀ ਭੈਣ ਸੰਤ ਬਾਬਾ ਰਾਮ ਸਿੰਘ ਕਾਰਲ ਘੁੱਦੂਵਾਲਾ ਫਰੀਦਕੋਟ ਵਿਖੇ ਬੀ ਕਾਮ ਭਾਗ ਤੀਜਾ ਦੀ ਵਿਦਿਆਰਥਣ ਹੈ, ਇਕ ਬੇਟਾ ਲਖਵਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਘੁਮਿਆਰਾ ਚ ਪੰਜਵੀਂ ਜਮਾਤ ਚ ਪੜ੍ਹ ਰਿਹਾ ਹੈ।ਪਿਤਾ ਬੂਟਾ ਸਿੰਘ ਪਹਿਲਾ ਮੈਰਿਜ ਪੈਲੇਸ ਵਿੱਚ ਕੰਮ ਕਰਦਾ ਸੀ,ਪਰ ਕਰੋਨਾ ਮਹਾਂਮਾਰੀ ਕਾਰਨ ਇਹ ਧੰਦਾ ਰੁੱਕ ਗਿਆ ਤਾਂ ਉਸ ਨੇ ਖੇਤਾਂ ਵਿੱਚ ਮਿਹਨਤ ਮਜਦੂਰੀ ਦਾ ਪੱਲਾ ਫੜਿਆ।
ਪਿਤਾ ਬੂਟਾ ਸਿੰਘ ਦਾ ਕਹਿਣਾ ਹੈ ਕਿ ਉਹ ਘਰ ਦੀਆਂ ਤੰਗੀਆਂ ਤੁਰਸ਼ੀਆਂ ਕਾਰਨ ਅਪਣੇ ਪਿੰਡ ਘੁਮਿਆਰਾ ਦੇ ਜਿਹੜੇ ਸਕੂਲ ਚ ਤੀਸਰੀ ਨਹੀ ਪਾਰ ਕਰ ਸਕਿਆ,ਉਸੇ ਸਕੂਲ ਤੋਂ ਉਸ ਦੀਆਂ ਬੱਚੀਆਂ ਪੜ੍ਹ ਪੜ੍ਹ ਉਚ ਕਲਾਸਾਂ ਵੱਲ ਵੱਧ ਰਹੀਆਂ ਹਨ,ਉਸ ਦਾ ਸੁਪਨਾ ਸੀ, ਮੈਂ ਆਪਣੀਆਂ ਧੀਆਂ ਨੂੰ ਏਨਾ ਪੜ੍ਹਾਵਾਂ ਕਿ ਉਹ ਖੁਦ ਪੈਰਾਂ ਸਿਰ ਹੋ ਸਕਣ। ਖੁਦ ਲਿਖਣ ਦਾ ਸ਼ੌਕੀਨ ਬੂਟਾ ਸਿੰਘ ਧੀਆਂ ਨੂੰ ਹੱਲਾਸ਼ੇਰੀ ਦਿੰਦਾ ਕਹਿੰਦਾ ਹੈ ਕਿ ਜਿਹੜਾ ਬੰਦਾ ਦੋ ਤਿੰਨ ਕਲਾਸਾਂ ਪੜ੍ਹਕੇ ਏਨਾ ਲਿਖ ਸਕਦਾ,ਤਾਂ ਤੁਸੀਂ ਕਿਉਂ ਨਹੀ ,ਉਚੀਆਂ ਉਡਾਣਾਂ ਛੂੰਹ ਸਕਦੀਆਂ।
ਪਿਤਾ ਦਾ ਕਹਿਣਾ ਕਿ ਉਸ ਦੀਆਂ ਤਿੰਨੇ ਧੀਆਂ ਮਿਹਨਤੀ ਹਨ,ਜੋ ਵੱਖ ਵੱਖ ਕੰਮ ਧੰਦੇ ਸਾਂਭਕੇ ਉਸ ਦਾ ਸਹਾਰਾ ਵੀ ਬਣ ਰਹੀਆਂ ਨੇ,ਨਾਲੋ ਨਾਲ ਪੜ੍ਹ ਰਹੀਆਂ ਹਨ, ਘਰ ਮੱਝਾਂ ਵੀ ਰੱਖੀਆਂ ਨੇ, ਉਹ ਵੀ ਧੀਆਂ ਹੀ ਸਾਂਭਦੀਆ ਨੇ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਰਮਿੰਦਰ ਸਿੰਘ ਬਰਾੜ,ਡਿਪਟੀ ਡੀਈਓ ਪ੍ਰਦੀਪ ਜੋੜਾ ਅਤੇ ਸਕੂਲ ਦੇ ਇੰਚਾਰਜ ਹਰਬਰਿੰਦਰ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਣ ਹੈ, ਇਹ ਹੋਣਹਾਰ ਧੀਆਂ ਸਾਡੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਬੱਚੀਆਂ ਦੇ ਸੁਨਹਿਰੀ ਭਵਿੱਖ ਲਈ ਹਰ ਸਹਿਯੋਗ ਦਿੱਤਾ ਜਾਵੇਗਾ।
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਹਕੋਟ ਦੇ ਨਵਾਂ ਪਿੰਡ ਦੋਨੇਵਾਲ ਵਿਖੇ ਕਰਨਗੇ ‘ਲੋਕ ਮਿਲਣੀ’
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਹਕੋਟ ਦੇ ਨਵਾਂ ਪਿੰਡ ਦੋਨੇਵਾਲ ਵਿਖੇ ਕਰਨਗੇ ‘ਲੋਕ ਮਿਲਣੀ’ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ):...






















