2525 ਲਾਭਪਾਤਰੀਆਂ ਨੂੰ ਮਾਲੀ ਸਹਾਇਤਾ ਖਾਤਿਆਂ ’ਚ ਭੇਜੀ ਜਾਵੇਗੀ
ਨਵਾਂਸ਼ਹਿਰ, 2 ਜੁਲਾਈ (ਵਿਸ਼ਵ ਵਾਰਤ)-
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਿਬੀਰ ਸਿੰਘ ਪੱਲੀ ਝਿੱਕੀ ਨੇ ਅੱਜ ਇੱਥੇ ਦੱਸਿਆ ਕਿ ਕੌਮੀ ਸਮਾਜਿਕ ਸਹਾਇਤਾ ਪ੍ਰੋਗਰਾਮ ਜਿਸ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਜਾਂ ਸੰਤਾਨਹੀਣ 60 ਤੋਂ 79 ਸਾਲ ਦੇ ਬਜ਼ੁਰਗਾਂ ਨੂੰ 200 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ ਅਤੇ ਇੰਦਰਾ ਗਾਂਧੀ ਰਾਸ਼ਟਰੀ ਵਿਧਵਾ ਪੈਨਸ਼ਨ ਅਤੇ ਇੰਦਰਾ ਗਾਂਧੀ ਦਿਵਿਆਂਗਤਾ ਪੈਨਸ਼ਨ ਸਕੀਮ ਤਹਿਤ 300 ਰੁਪਏ ਦੀ ਮਾਸਿਕ ਸਹਾਇਤਾ ਦਿੱਤੀ ਜਾਂਦੀ ਹੈ, ਅਧੀਨ ਜ਼ਿਲ੍ਹੇ ’ਚ 2525 ਲਾਭਪਾਤਰੀਆਂ ਨੂੰ 6.44 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਲਾਭਪਾਤਰੀਆਂ ’ਚ ਦੋ ਪਰਿਵਾਰ ਉਹ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਰਾਸ਼ਟਰੀ ਪਰਿਵਾਰਿਕ ਲਾਭ ਸਕੀਮ ਤਹਿਤ ਪਰਿਵਾਰ ਦੇ ਕਮਾਊ ਜੀਅ ਦੀ ਮੌਤ ਹੋਣ ਬਾਅਦ 20000 ਰੁਪਏ ਪ੍ਰਤੀ ਪਰਿਵਾਰ ਦੀ ਵਿੱਤੀ ਸਹਾਇਤਾ ਵੀ ਦਿੱਤੀ ਗਈ ਹੈ।
ਚੇਅਰਮੈਨ ਸਤਿਬੀਰ ਸਿੰਘ ਪੱਲੀ ਝਿੱਕੀ ਨੇ ਦੱਸਿਆ ਕਿ ਉਕਤ ਯੋਜਨਾ ਤਹਿਤ 60 ਤੋਂ 79 ਸਾਲ ਦੇ 2186 ਬਜ਼ੁਰਗਾਂ ਨੂੰ ਅਕਤੁਬਰ 2018 ਦਾ ਲਾਭ 4,37,200 ਰੁਪਏ, 60 ਤੋਂ 79 ਸਾਲ ਦੀਆਂ 222 ਵਿਧਵਾ ਮਹਿਲਾਵਾਂ ਨੂੰ ਜੁਲਾਈ ਤੇ ਅਗਸਤ 2018 ਦੀ ਵਿੱਤੀ ਸਹਾਇਤਾ ਦੇ 1,33,200 ਰੁਪਏ, 18 ਤੋਂ 79 ਸਾਲ ਦੇ ਦਿਵਿਆਂਗ ਲਾਭਪਾਤਰੀਆਂ ਨੂੰ ਸਤੰਬਰ 2018 ਦੀ ਵਿੱਤੀ ਸਹਾਇਤਾ ਦੇ 34500 ਰੁਪਏ ਅਤੇ ਦੋ ਪਰਿਵਾਰਾਂ ਨੂੰ ਰਾਸ਼ਟਰੀ ਪਰਿਵਾਰਿਕ ਲਾਭ ਸਕੀਮ ਤਹਿਤ 40,000 ਰੁਪਏ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕੁੱਲ 2525 ਲਾਭਪਾਤਰੀਆਂ ਨੂੰ ਇਹ 6,44,900 ਰੁਪਏ ਦੀ ਵਿੱਤੀ ਸਹਾਇਤਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਰਾਹੀਂ ਭੇਜੀ ਗਈ ਹੈ।






















