Quad Summit : ਪ੍ਰਧਾਨ ਮੰਤਰੀ ਮੋਦੀ ਦੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ; ਮਨੀਲਾ ‘ਚ ‘ਕਵਾਡ’ ਆਗੂਆਂ ਦੀ ਹੋਈ ਮੀਟਿੰਗ
– ਡੋਨਾਲਡ ਟਰੰਪ ਨੇ PM ਮੋਦੀ ਦੀ ਕੀਤੀ ਤਾਰੀਫ਼, ਪੜ੍ਹੋ ਕੀ ਕਿਹਾ
ਨਵੀ ਦਿੱਲੀ, 17 ਨਵੰਬਰ (ਵਿਸ਼ਵ ਵਾਰਤਾ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਮੰਗਲਵਾਰ ਨੂੰ ਫਿਲੀਪੀਨਜ਼ ਵਿੱਚ ਮੁਲਾਕਾਤ ਹੋਈ। ਦੋਵੇਂ ਆਗੂ ਰਾਜਧਾਨੀ ਮਨੀਲਾ ਵਿੱਚ ਹੋ ਰਹੀ ਕਵਾਡ (Quad) ਮੀਟਿੰਗ ਵਿੱਚ ਸ਼ਾਮਲ ਹੋਏ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਵਾਡ (QUAD) ਆਗੂਆਂ ਨਾਲ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ‘ਬਹੁਤ ਟੱਫ ਮੈਨ’ (ਬਹੁਤ ਸਖ਼ਤ ਤੇ ਮਜ਼ਬੂਤ ਇਰਾਦੇ ਵਾਲਾ ਇਨਸਾਨ) ਦੱਸਿਆ ਹੈ। ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬੇਹੱਦ ਮਜ਼ਬੂਤ ਸ਼ਖ਼ਸੀਅਤ ਵਾਲੇ ਆਗੂ ਹਨ ਅਤੇ ਉਨ੍ਹਾਂ ਨਾਲ ਅਮਰੀਕਾ ਦੇ ਚੰਗੇ ਸਬੰਧ ਹਨ। ਟਰੰਪ ਨੇ ਇਹ ਵੀ ਕਿਹਾ ਕਿ ਕਵਾਡ (QUAD) ਦੇ ਮੈਂਬਰ ਦੇਸ਼ ਇਕੱਠੇ ਮਿਲ ਕੇ ਫੌਜੀ ਜੰਗੀ ਅਭਿਆਸ ਕਰਨਗੇ।
ਕਵਾਡ ਬੈਠਕ ‘ਚ ਪ੍ਰਧਾਨ ਮੰਤਰੀ ਮੋਦੀ, ਡੋਨਾਲਡ ਟਰੰਪ, ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਸ਼ਾਮਲ ਹੋਏ ਹਨ। ਟਰੰਪ ਨੇ ਬੈਠਕ ਦੌਰਾਨ ਈਰਾਨ ‘ਤੇ ਬਿਆਨ ਦਿੰਦਿਆਂ ਕਿਹਾ ਕਿ ਈਰਾਨ ਇੱਕ ‘ਪਾਗਲ ਦੇਸ਼’ ਹੈ, ਅਤੇ ਇਸੇ ਵਜ੍ਹਾ ਕਰਕੇ ਉਸ ਨੂੰ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਿੱਤੇ ਜਾ ਸਕਦੇ।
ਕਵਾਡ (Quad) ਦੇਸ਼ਾਂ ਦੀ ਬੈਠਕ ਦੌਰਾਨ ਟਰੰਪ ਨੇ ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਨਾਲ ਕ੍ਰਿਟੀਕਲ ਮਿਨਰਲਜ਼ ਨੂੰ ਲੈ ਕੇ ਕਈ ਅਹਿਮ ਸਮਝੌਤਿਆਂ ਦਾ ਐਲਾਨ ਕੀਤਾ। ਟਰੰਪ ਨੇ ਕਿਹਾ ਕਿ ਇਨ੍ਹਾਂ ਸਮਝੌਤਿਆਂ ਦਾ ਮਕਸਦ ਚਾਰਾਂ ਦੇਸ਼ਾਂ ਦੀ ਸਪਲਾਈ ਚੇਨ ਨੂੰ ਸੁਰੱਖਿਅਤ ਕਰਨਾ ਅਤੇ ਕਿਸੇ ਇੱਕ ਵਿਦੇਸ਼ੀ ਸਪਲਾਇਰ ‘ਤੇ ਨਿਰਭਰਤਾ ਨੂੰ ਘੱਟ ਕਰਨਾ ਹੈ। ਇਸ ਨਾਲ ਕਿਸੇ ਇੱਕ ਦੇਸ਼ ਨੂੰ ਦੂਜੇ ਦੇਸ਼ਾਂ ‘ਤੇ ਆਰਥਿਕ ਦਬਾਅ ਬਣਾਉਣ ਦਾ ਮੌਕਾ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਝੌਤਿਆਂ ਨਾਲ ਚਾਰਾਂ ਦੇਸ਼ਾਂ ਦੀ ਤਾਕਤ ਵਧੇਗੀ ਅਤੇ ਉਨ੍ਹਾਂ ਦੀ ਸੁਰੱਖਿਆ ਮਜ਼ਬੂਤ ਹੋਵੇਗੀ।























