
ਡਿਪਟੀ ਕਮਿਸ਼ਨਰ ਤੇ ਐਸਐਸਪੀ ਖੁਦ ਪਹੁੰਚੇ ਸਲੱਮ ਖੇਤਰ ਦੀ ਵੱਡੀ ਤਕਲੀਫ਼ ਦੇ ਹੱਲ ਲਈ
ਮਾਨਸਾ, 13 ਅਪਰੈਲ( ਵਿਸ਼ਵ ਵਾਰਤਾ)-ਕਰੋਨਾਵਾਇਰਸ ਨੇ ਬੇਸ਼ੱਕ ਸਾਰੀ ਦੁਨੀਆਂ ਨੂੰ ਘਰਾਂ ਅੰਦਰ ਬੰਦ ਕੀਤਾ ਹੋਇਆ,ਪਰ ਪੁਲੀਸ ਵੱਲੋਂ ਕੀਤੀ ਜਾਰੀ ਰਹੀ ਲਗਾਤਾਰ ਗਸ਼ਤ ਉਸ ਵੇਲੇ ਸ਼ਹਿਰ ਦੇ ਕੋਟ ਦੇ ਟਿੱਬੇ ਵਾਲੇ ਸਲੱਮ ਖੇਤਰ ਲਈ ਵਰਦਾਨ ਸਾਬਤ ਹੋ ਗਈ, ਜਦੋਂ ਇਸ ਇਲਾਕੇ ਵਿੱਚ ਲਗਾਤਾਰ 15-16 ਸਾਲਾਂ ਤੋਂ ਆਬਾਦੀਆਂ ਵਾਲੇ ਵਿਹਲੇ ਇਲਾਕੇ ਵਿੱਚ ਖੜ੍ਹਦੇ ਮੁਸ਼ਕ ਮਾਰਦੇ ਗੰਦੇ ਪਾਣੀ ਨੂੰ ਕੱਢਣ ਲਈ ਜ਼ਿਲ੍ਹੇ ਦੇ ਸਭ ਤੋਂ ਵੱਡੇ ਪੁਲੀਸ ਤੇ ਸਿਵਲ ਅਧਿਕਾਰੀ ਉਥੇ ਪਹੁੰਚੇ। ਡਿਪਟੀ ਕਮਿਸ਼ਨਰ ਗੁਪਰਾਲ ਸਿੰਘ ਚਾਹਲ ਅਤੇ ਐਸਐਸਪੀ ਡਾ.ਨਰਿੰਦਰ ਭਾਰਗਵ ਵੱਲੋਂ ਅੱਜ ਮੌਕੇ ‘ਤੇ ਜਾਕੇ ਸਬੰਧਤ ਵਿਭਾਗਾਂ ਰਾਹੀਂ ਇਸ ਸਮੱਸਿਆ ਤੋਂ ਤੁਰੰਤ ਅਸਥਾਈ ਰਾਹਤ ਦਿਵਾਈ ਅਤੇ ਇਸ ਦੇ ਪੱਕੇ ਹੱਲ ਲਈ ਉਪਰਾਲੇ ਆਰੰਭੇ ਗਏ।
ਡਿਪਟੀ ਕਮਿਸ਼ਨਰ ਸ਼੍ਰੀ ਚਾਹਲ ਨੇ ਦੱਸਿਆ ਕਿ ਪ੍ਰਸਾਸ਼ਨ ਵੱਲੋਂ ਇਸ ਸਮੱਸਿਆ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਤੱਕ ਪਹੁੰਚ ਕਰਕੇ ਜ਼ਰੂਰੀ ਫੰਡ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾਣਗੇ ਤਾਂ ਜੋ ਇਸ ਇਲਾਕੇ ਦੀ ਸੀਵਰੇਜ ਦੀ ਸਮੱਸਿਆਂ ਅਤੇ ਗਲੀਆਂ-ਨਾਲੀਆਂ ਨੂੰ ਸਹੀ ਢੰਗ ਨਾਲ ਬਣਵਾਕੇ ਪੱਕਾ ਹੱਲ ਕੱਢਿਆ ਜਾ ਸਕੇ।ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਮੁਸ਼ਕਲਾਂ ਸੁਨਣ ਤੋਂ ਬਾਅਦ ਸੀਵਰੇਜ ਬੋਰਡ ਦੀਆਂ ਮਸ਼ੀਨਾਂ ਲਗਾਕੇ ਪਾਣੀ ਦੀ ਆਰਜ਼ੀ ਤੌਰ ‘ਤੇ ਨਿਕਾਸੀ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਸੀਵਰੇਜ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਗਈਆਂ।
ਮਾਨਸਾ ਦੇ ਐਸਐਸਪੀ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਤਕਰੀਬਨ 12000 ਦੀ ਆਬਾਦੀ ਹੈ ਅਤੇ ਸੀਵਰੇਜ਼ ਓਵਰਫਲੋਅ ਸਬੰਧੀ ਮਿਲੀ ਜਾਣਕਾਰੀ ਦਾ ਪਤਾ ਲੱਗਣ ਉਪਰੰਤ ਇਹ ਮਸਲਾ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਦੇ ਧਿਆਨ ਵਿੱਚ ਲਿਆਂਦਾ ਗਿਆ,ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਸੀਵਰੇਜ ਬੋਰਡ ਦੇ ਐਕਸੀਅਨ ਅਤੇ ਨਗਰ ਕੌਂਸਲ ਮਾਨਸਾ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਖੁਦ ਵੀ ਇਸ ਇਲਾਕੇ ਦਾ ਮੌਕੇ ‘ਤੇ ਨਿਰੀਖਣ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਅਤੇ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਵਿਲੇਜ ਪੁਲੀਸ ਅਫਸਰ ਲੋਕਾਂ ਅਤੇ ਪ੍ਰਸ਼ਾਸਨ ਵਿਚਕਾਰ ਕੜੀ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਵਿਲੇਜ ਪੁਲੀਸ ਅਫਸਰ ਦੇ ਲੱਗਣ ਨਾਲ ਪ੍ਰਸ਼ਾਸਨ ਨੂੰ ਹੇਠਲੇ ਪੱਧਰ ‘ਤੋ ਆਮ ਲੋਕਾਂ ਦੀਆ ਸਮੱਸਿਆਵਾਂ ਦਾ ਪਤਾ ਲਗਦਾ ਹੈ ਅਤੇ ਪ੍ਰਸਾਸ਼ਨ ਵੱਲੋਂ ਵੀ ਉਨ੍ਹਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ।




















