
ਚੰਡੀਗੜ੍ਹ 12( ਸੁਰਿੰਦਰ ਗੋਇਲ )-ਪੰਚਾਇਤ ਸਕੱਤਰ ਯੂਨੀਅਨ ਵੱਲੋਂ ਸੂਬੇ ਭਰ ਵਿੱਚ ਕੰਮਕਾਜ (ਸਮੇਤ ਕੋਰੋਨਾ ਵਾਇਰਸ ਸਬੰਧੀ ਕੰਮ) ਠੱਪ ਕਰਕੇ ਪੰਜਾਬ ਪੱਧਰੀ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਅਤੇ ਇਸ ਧਰਨੇ ਦੀ ਰੂਪਰੇਖਾ ਉਲੀਕਣ ਲਈ ਭਲਕੇ ਸੋਮਵਾਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਸ਼ਹਿਣਾ ਵਿਖੇ ਜ਼ਿਲਾ ਪੱਧਰੀ ਮੀਟਿੰਗ ਸੱਦੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇ.ਈ. ਚੈਂਚਲ ਸਿੰਘ, ਪੰਚਾਇਤ ਸਕੱਤਰ ਜਗਦੇਵ ਸਿੰਘ, ਮਨਜੀਤ ਕੁਮਾਰ, ਚਰਨਜੀਤ ਸਿੰਘ, ਸੁਖਪਾਲ ਕੌਰ, ਸਤਵਿੰਦਰ ਬਿੱਟੀ, ਜਸਪਿੰਦਰ ਸਿੰਘ, ਰਹੀਸ਼ ਕੁਮਾਰ, ਸਤਨਾਮ ਸਿੰਘ, ਗੁਰਦੀਪ ਸਿੰਘ (ਸਾਰੇ ਪੰਚਾਇਤ ਸਕੱਤਰ) ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਚਾਇਤ ਸਕੱਤਰ ਜਗਦੇਵ ਸਿੰਘ ਪਿੰਡ ਸ਼ਹਿਣਾ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲਿਸਟਾਂ ਲਈ ਗਿਆ ਸੀ।ਜਿੱਥੇ ਸ਼ਹਿਣਾ ਦੀ ਸਰਪੰਚਣੀ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੇ ਪੰਚਾਇਤ ਸਕੱਤਰ ਜਗਦੇਵ ਸਿੰਘ ਦੀ ਪੱਗ ਲਾਹ ਕੇ ਕੁੱਟਮਾਰ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇਣ ਤੋਂ ਬਾਅਦ ਥਾਣਾ ਸ਼ਹਿਣਾ ਵਿਖੇ ਸੁਖਵਿੰਦਰ ਸਿੰਘ ਕਲਕੱਤਾ ਖਿਲਾਫ ਪਰਚਾ ਦਰਜ ਕਰ ਲਿਆ ਸੀ, ਪਰ 10 ਦਿਨ ਬੀਤਣ ਤੇ ਵੀ ਗ੍ਰਿਫਤਾਰੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਕਲਕੱਤਾ ਵੱਲੋਂ ਅਗਾਂਊ ਜਮਾਨਤ ਦੀ ਅਰਜੀ ਬਰਨਾਲਾ ਅਦਾਲਤ ਵਿੱਚ ਲਗਾਈ ਸੀ, ਜੋ ਮਾਨਯੋਗ ਜੱਜ ਨੇ 9 ਅਪ੍ਰੈਲ ਨੂੰ ਰੱਦ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਕਲਕੱਤਾ ਦੀ ਗ੍ਰਿਫਤਾਰੀ ਲਈ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ, ਜ਼ਿਲਾ ਪੁਲਿਸ ਮੁੱਖੀ ਸੰਦੀਪ ਗੋਇਲ, ਐਸ.ਪੀ. ਐਚ, ਐਸ.ਪੀ ਡੀ ਨੂੰ ਮਿਲੇ ਸਨ। ਜਿੰਨ੍ਹਾਂ ਨੇ ਭਰੋਸਾ ਦਿਵਾਇਆ ਸੀ ਕਿ ਜਲਦ ਹੀ ਸੁਖਵਿੰਦਰ ਸਿੰਘ ਕਲਕੱਤਾ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਭਰੋਸਾ ਸਿਰਫ ਭਰੋਸੇ ਤੱਕ ਹੀ ਸੀਮਿਤ ਹੋਣ ਦੇ ਰੋਸ ਵਜੋਂ ਉਨ੍ਹਾਂ ਨੇ ਸੂਬਾ ਪੱਧਰੀ ਯੂਨੀਅਨ ਨਾਲ ਤਾਲਮੇਲ ਕੀਤਾ ਗਿਆ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਉਹ ਜਲਦ ਹੀ ਪੰਜਾਬ ਭਰ ਵਿੱਚ ਕੰਮਕਾਜ ਠੱਪ ਕਰਕੇ ਸੂਬਾ ਪੱਧਰੀ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਰੋਸ ਧਰਨਾ ਸੁਖਵਿੰਦਰ ਸਿੰਘ ਕਲਕੱਤਾ ਦੀ ਗ੍ਰਿਫਤਾਰੀ ਤੱਕ ਜਾਰੀ ਰਹੇਗਾ।





















