
ਸ਼ਹਿਰ ਲਈ ਰਾਹਤ ਦੀ ਵੱਡੀ ਖਬਰ, 46 ਸੈਪਲਾਂ ਵਿੱਚੋਂ 16 ਆਏ ਨੈਗਟਿਵ
ਬਾਕੀਆਂ ਦੀ ਰਿਪੋਰਟ ਦੇਰ ਰਾਤ ਤੱਕ ਸੰਭਵ
ਸੀਲ ਕੀਤੇ ਵਾਰਡਾਂ ਵਿੱਚ ਲੋਕਾਂ ਦੀ ਆਵਾਜਾਈ ਨਿਰੰਤਰ ਜਾਰੀ
ਬੁਢਲਾਡਾ 11, ਅਪ੍ਰੈਲ(ਵਿਸ਼ਵ ਵਾਰਤਾ ): ਨਿਜਾਮੂਦੀਨ ਮਰਕਸ ਜਮਾਤੀਆਂ ਸਮੇਤ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ 2 ਬੱਚਿਆ ਸਮੇਤ 11 ਵਿਅਕਤੀਆਂ ਦੇ ਟੈਸਟ ਪਾਜਟਿਵ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸ਼ਹਿਰ ਵਿੱਚ ਡੋਰ ਟੂ ਡੋਰ ਸਰਵੇ ਕੀਤਾ ਗਿਆ. ਜਿਸ ਦੇ ਮੱਦੇਨਜਰ ਅੱਜ ਦੂਸਰੇ ਦਿਨ ਵੀ ਇਨ੍ਹਾਂ ਨਾਲ ਅਸਿੱਧੇ ਤੌਰ ਤੇ ਸੰਪਰਕ ਵਿੱਚ ਆਉਣ ਵਾਲੇ 8 ਬੱਚਿਆ ਸਮੇਤ 29 ਲੋਕਾਂ ਦੇ ਸੈਪਲ ਲਏ ਗਏ ਜਿਨ੍ਹਾਂ ਵਿੱਚ 14 ਔਰਤਾਂ ਵੀ ਸ਼ਾਮਿਲ ਹਨ. ਵਿਭਾਗ ਵੱਲੋਂ ਰੋਜਾਨਾ ਵੱਖ ਵੱਖ ਟੀਮਾਂ ਬਣਾ ਕੀਤੇ ਗਏ ਸਰਵੇ ਵਿੱਚ ਇਨ੍ਹਾ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਸਨਾਖਤ ਕੀਤੀ ਜਾ ਰਹੀ ਹੈ. ਅੱਜ ਲਏ ਗਏ ਸੈਪਲਾਂ ਵਿੱਚ 8 ਬੱਚਿਆ ਨੂੰ ਇਸ ਕਰਕੇ ਸ਼ਾਮਿਲ ਕੀਤਾ ਗਿਆ ਹੈ ਕਿ ਮਸਜਿਦ ਦੇ ਸਾਹਮਣੇ ਰਹਿਣ ਵਾਲੇ ਪਤੀ ਪਤਨੀ ਅਤੇ ਦੋ ਬੱਚੇ ਜ਼ੋ ਕਰੋਨਾ ਪਾਜਟਿਵ ਪਾਏ ਗਏ ਹਨ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਕਿਸੇ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦਾ. ਸਰਕਾਰੀ ਸੂਤਰਾਂ ਅਨੁਸਾਰ ਕੱਲ ਲਏ ਗਏ 46 ਸੈਪਲਾਂ ਦੀ ਸੂਚੀ ਵਿੱਚੋਂ ਸਵੇਰ ਵਾਲੇ 19 ਸੈਪਲਾਂ *ਚ 16 ਸੈਪਲ ਨੈਗਟਿਵ ਪਾਏ ਗਏ ਅਤੇ ਬਾਕੀਆਂ ਦੀ ਰਿਪੋਰਟ ਦੇਰ ਰਾਤ ਤੱਕ ਆਉਣ ਦੀ ਸੰਭਾਵਨਾ ਹੈ. ਸਿਹਤ ਵਿਭਾਗ ਵੱਲੋਂ ਅੱਜ ਲਏ ਗਏ ਸੈਪਲਾਂ ਵਾਲੇ ਵਿਅਕਤੀਆਂ ਨੂੰ ਇਕਾਤਵਾਸ ਵਿੱਚ ਭੇਜ਼ ਦਿੱਤਾ ਗਿਆ ਹੈ. ਵਿਭਾਗ ਵੱਲੋਂ ਲਏ ਗਏ ਸੈਪਲਾਂ ਵਿੱਚ ਕੁੱਝ ਪਿੰਡਾ ਦੇ ਮੋਲਵੀ ਵੀ ਸ਼ਾਮਿਲ ਦੱਸੇ ਜਾ ਰਹੇ ਹਨ ਪਰੰਤੂ ਪ੍ਰਸ਼ਾਸ਼ਨ ਵੱਲੋਂ ਇਸ ਸੰਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ. ਦੂਸਰੇ ਪਾਸੇ ਵਾਰਡ ਨੰਬਰ 4 ਦੇ ਨਾਲ ਵਾਰਡ ਨੰਬਰ 2 ਅਤੇ 3 ਭਾਵੇਂ ਸੀਲ ਕੀਤਾ ਹੋਇਆ ਹੈ ਪਰ ਲੋਕਾਂ ਦੀ ਵਾਰਡ ਵਿਚਲੀ ਅੰਦਰੂਨੀ ਆਵਾਜਾਈ ਪਹਿਲਾ ਦੀ ਤਰ੍ਹਾਂ ਹੀ ਬਣੀ ਹੋਈ ਹੈ. ਪ੍ਰਸ਼ਾਸ਼ਨ ਵੱਲੋਂ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਲੋਕ ਇਸ ਵਾਰਡ ਵਿੱਚ ਆਪਣੇ ਘਰਾਂ ਤੋਂ ਬਾਹਰ ਆਮ ਵੇਖੇ ਗਏ ਅਤੇ ਵਾਰਡ ਵਿੱਚ ਆਉਣ ਜਾਣ ਵਾਲੇ ਲੋਕਾਂ ਦਾ ਸਿਲਸਿਲਾ ਵੀ ਪਹਿਲਾ ਦੀ ਤਰ੍ਹਾਂ ਨਜਰ ਆ ਰਿਹਾ ਸੀ.
ਫੋਟੋ: ਬੁਢਲਾਡਾ: ਲਏ ਗਏ ਸੈਪਲਾਂ ਦੀ ਜਾਂਚ ਕਰਨ ਦੀ ਤਿਆਰੀ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ.
ਫੋਟੋ: ਬੁਢਲਾਡਾ: ਸਿਵਲ ਹਸਪਤਾਲ ਦਾ ਪੈਰਾ ਮੈਡੀਕਲ ਸਟਾਫ ਵਾਰਡਾਂ ਦਾ ਸਰਵੇ ਕਰਨ ਲਈ ਰਵਾਨਾ ਹੁੰਦਾ ਹੋਇਆ.





















