ਹਰੇਕ ਵਿਭਾਗ ਵਿਚੋਂ ਬਣਾਏ ਮਾਸਟਰ ਟਰੇਨਰ
ਅੰਮ੍ਰਿਤਸਰ, 15 ਮਾਰਚ ( ਵਿਸ਼ਵ ਵਾਰਤਾ)-ਕੋਰੋਨਾ ਜਿਹੀ ਖਤਰਨਾਕ ਬਿਮਾਰੀ, ਜਿਸ ਤੋਂ ਬਚਣਾ ਹੀ ਇਸ ਦਾ ਇਲਾਜ ਹੈ, ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ•ਾ ਪ੍ਰਸ਼ਾਸਨ ਘਰ-ਘਰ ਪਹੁੰਚ ਕਰੇਗਾ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਤਿਆਰ ਕੀਤੀ ਗਈ ਰਣਨੀਤੀ ਤਹਿਤ ਵੱਖ-ਵੱਖ ਵਿਭਾਗਾਂ ਵਿਚੋਂ 2-2 ਮਾਸਟਰ ਟਰੇਨਰ ਤਿਆਰ ਕਰਨ ਲਈ ਅੱਜ ਉਨਾਂ ਨੂੰ ਸਿਖਲਾਈ ਦਿੱਤੀ ਗਈ ਹੈ, ਜੋ ਕਿ ਕੱਲ• ਤੋਂ ਆਪਣੇ ਵਿਭਾਗਾਂ ਵਿਚ ਟੀਮਾਂ ਤਿਆਰ ਕਰਕੇ ਇਹ ਲਈ ਹੋਈ ਸਿੱਖਿਆ ਉਨਾਂ ਨਾਲ ਸਾਂਝੀ ਕਰਨਗੇ। ਡਿਪਟੀ ਕਮਿਸਨਰ ਸ. ਢਿਲੋਂ ਚਾਹੁੰਦੇ ਹਨ ਕਿ 18 ਤਾਰੀਕ ਤੋਂ ਇਹ ਕੰਮ ਜੰਗੀ ਪੱਧਰ ਉਤੇ ਸ਼ੁਰੂ ਕੀਤਾ ਜਾਵੇ ਅਤੇ ਹਰੇਕ ਘਰ ਦਾ ਦਰਵਾਜ਼ਾ ਖੜਕਾ ਕੇ ਉਨਾਂ ਨੂੰ ਕੋਰੋਨਾ ਵਾਈਰਸ ਤੋਂ ਬਚਣ ਬਾਰੇ ਜਾਣਕਾਰੀ ਦਿੱਤੀ ਜਾਵੇ, ਕਿਉਂਕਿ ਕੋਰੋਨਾ ਤੋਂ ਬਚਾਉ ਦਾ ਇਕੋ-ਇਕ ਉਪਾਅ ਇਸ ਪ੍ਰਤੀ ਜਾਣਕਾਰੀ ਹੋਣਾ ਤੇ ਉਨਾਂ ਗੱਲਾਂ ਨੂੰ ਲਾਗੂ ਕਰਨਾ ਹੈ, ਜੋ ਕਿ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਣ।
ਅੱਜ ਮਾਲ ਰੋਡ ਸਕੂਲ ਵਿਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੇ ਉਨਾਂ ਦੇ ਮਾਸਟਰ ਟਰੇਨਰ ਨੂੰ ਦਿੱਤੀ ਗਈ ਸਿਖਲਾਈ ਦਿੱਤੀ ਗਈ, ਜਿਸ ਵਿਚ ਉਨਾਂ ਖਾਂਸੀ, ਬੁਖਾਰ ਵਾਲੇ ਵਿਅਕਤੀ ਤੋਂ ਦੂਰ ਰਹਿਣ, ਦਿਨ ਵਿਚ ਕੁੱਝ ਵੀ ਖਾਣ ਜਾਂ ਮੂੰਹ, ਨੱਕ, ਅੱਖਾਂ ਨੂੰ ਛੂਹਣ ਤੋਂ ਪਹਿਲਾਂ ਸਾਬਣ ਨਾਲ ਚੰਗੀ ਤਰਾਂ ਹੱਥ ਧੋਣ, ਖਾਂਸੀ ਕਰਦੇ ਸਮੇਂ ਮੂੰਹ ਢੱਕਣ, ਹੱਥ ਨਾ ਮਿਲਾਉਣ, ਗਲੇ ਨਾ ਮਿਲਣ ਅਤੇ ਕਿਸੇ ਵੀ ਤਰਾਂ ਦੇ ਲੱਛਣ ਪਾਏ ਜਾਣ ਉਤੇ ਸਿਹਤ ਵਿਭਾਗ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ। ਬੁਲਾਰਿਆਂ ਨੇ ਕਿਹਾ ਕਿ ਜੇਕਰ ਆਪਾਂ ਸਾਰੇ ਕੋਰੋਨਾ ਤੋਂ ਆਪਣਾ, ਆਪਣੇ ਪਰਿਵਾਰ, ਸਮਾਜ ਦਾ ਬਚਾਅ ਚਾਹੁੰਦੇ ਹਾਂ ਤਾਂ ਲੋਕਾਂ ਨੂੰ ਦੱਸੋ ਕਿ ਜਿਸ ਵੀ ਵਿਅਕਤੀ ਵਿਚ ਬੁਖਾਰ, ਖਾਂਸੀ, ਸਾਹ ਲੈਣ ਵਿਚ ਤਕਲੀਫ, ਥਕਾਵਟ, ਸਿਰ ਦਰਦ ਵਰਗੇ ਲੱਛਣ ਮਿਲਣ ਤਾਂ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਜਾਵੇ, ਤਾਂ ਜੋ ਉਸਦਾ ਇਲਾਜ ਕਰਵਾਇਆ ਜਾ ਸਕੇ। ਉਨਾਂ ਕਿਹਾ ਕਿ ਜੇਕਰ ਆਪਾਂ ਉਸ ਵਿਅਕਤੀ ਨੂੰ ਘਰ ਵਿਚ ਹੀ ਰੱਖਦੇ ਹਾਂ ਤਾਂ ਇਸ ਨਾਲ ਸਾਰਾ ਪਰਿਵਾਰ, ਮਹੁੱਲਾ ਤੇ ਰਿਸ਼ਤੇਦਾਰ ਜੋ ਕਿ ਤੁਹਾਡੇ ਘਰ ਇੰਨਾਂ ਦਿਨਾਂ ਵਿਚ ਆਏ ਹੋਣਗੇ, ਉਹ ਵੀ ਬਿਮਾਰੀ ਦੀ ਲਪੇਟ ਵਿਚ ਆ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਇਸ ਸਬੰਧੀ ਕੋਈ ਵੀ ਸੂਚਨਾ ਦੇਸ਼ ਪੱਧਰ ਤੇ ਬਣਾਏ ਕਾਲ ਸੈਂਟਰ 911123978046 ਅਤੇ ਪੰਜਾਬ ਸਰਕਾਰ ਵੱਲੋਂ ਬਣਾਏ ਕੰਟਰੋਲ ਰੂਮ 8872090029 ਅਤੇ 911722920074 ਉਤੇ ਕਿਸੇ ਵੇਲੇ ਵੀ ਦਿੱਤੀ ਜਾ ਸਕਦੀ ਹੈ।
ਇਸ ਮੌਕੇ ਬੋਲਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ ਨੇ ਕਿਹਾ ਕਿ ਇਸ ਸਬੰਧੀ ਅਸੀਂ ਪੈਂਫਲਿਟ ਅਤੇ ਹੋਰ ਸਮਗਰੀ ਤਿਆਰ ਕਰ ਰਹੇ ਹਾਂ, ਜੋ ਕਿ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਵੇਗੀ। ਇਹ ਸਮਗਰੀ ਅਤੇ ਮਾਸਟਰ ਟਰੇਨਰ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕਰਮਚਾਰੀ ਜਿਲ•ੇ ਦੇ ਹਰੇਕ ਘਰ ਵਿਚ ਪੁੱਜਦੀ ਕਰਨਗੇ, ਤਾਂ ਜੋ ਲੋਕਾਂ ਨੂੰ ਇਸ ਦੇ ਲੱਛਣਾਂ ਤੋਂ ਜਾਣੂੰ ਕਰਵਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਡਿਪਟੀ ਡਾਇਰੈਕਟਰ ਲੋਕਲ ਬਾਡੀ ਸ੍ਰੀ ਰਜਤ ਉਬਰਾਏ, ਐਸ ਡੀ ਐਮ ਸ੍ਰੀਮਤੀ ਸੁਮਿਤ ਮੁੱਧ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਸ੍ਰੀ ਦੀਪਕ ਭਾਟੀਆ ਅਤੇ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ।