ਅਹਿਤੀਆਤ ਵਰਤੋ, ਅਫਵਾਹਾਂ ‘ਤੇ ਧਿਆਨ ਨਾ ਦਿਉ, ਘਬਰਾਉਣ ਦੀ ਲੋੜ ਨਹੀਂ, ਡੀ ਸੀ ਵੱਲੋਂ ਲੋਕਾਂ ਨੂੰ ਅਪੀਲ
ਐਸ ਏ ਐਸ ਨਗਰ, ਮਾਰਚ 14:”ਮੈਂ ਸਿਰਫ ਅਹਿਤੀਆਤ ਦੇ ਤੌਰ ‘ਤੇ 18 ਮਾਰਚ ਤੱਕ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਘਰ ਵਿੱਚ ਸੰਗਰੋਧਿਤ ਹਾਂ ਅਤੇ ਕੋਰੋਨਾ ਵਾਇਰਸ ਤੋਂ ਪੀੜਿਤ ਨਹੀਂ ਹਾਂ ਤੇ ਇਟਲੀ ਤੋਂ ਪਰਤਣ ਦੇ 18 ਦਿਨ ਬਾਅਦ ਵੀ ਇਸ ਦੇ ਲੱਛਣਾਂ ਤੋਂ ਮੁਕਤ ਹਾਂ।”
ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਐਸ ਏ ਐਸ ਨਗਰ ਦੇ ਡੀ ਸੀ ਸ੍ਰੀ ਗਿਰੀਸ਼ ਦਿਆਲਨ ਨੇ ਇਹ ਸਾਫ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਦੀਆਂ ਹਿਦਾਇਤਾਂ ਹਨ ਕਿ #COVID-19 ਪ੍ਰਭਾਵਿਤ ਦੇਸ਼ਾਂ ਤੋਂ ਪਰਤਣ ਵਾਲੇ ਸਾਰੇ ਭਾਰਤੀਆਂ ਨੂੰ ਅਹਿਤੀਆਤ ਦੇ ਤੌਰ ‘ਤੇ ਘਰ ਵਿੱਚ ਹੀ ਸੰਗਰੋਧਿਤ ਕੀਤਾ ਜਾਣਾ ਚਾਹੀਦਾ ਹੈ ਭਾਵੇਂ ਕਿ ਉਹ ਕੋਰੋਨਾ ਵਾਇਰਸ ਦੇ ਲੱਛਣਾਂ ਤੋਂ ਮੁਕਤ ਹੀ ਕਿਉਂ ਨਾ ਹੋਣ।
ਉਹਨਾਂ ਹੋਰਨਾਂ ਲੋਕਾਂ ਨੂੰ ਵੀ ਜੋ ਕਿ ਉਨ੍ਹਾਂ ਵਾਂਗ ਹੀ ਇਹਨਾਂ ਦੇਸ਼ਾਂ ਤੋਂ ਵਾਪਿਸ ਪਰਤੇ ਹਨ, ਹਵਾਈ ਅੱਡਿਆਂ ‘ਤੇ ਸਕਰੀਨਿੰਗ ਕਰਾਉਣ ਤੋਂ ਬਾਅਦ ਇਹਨਾਂ ਹਿਦਾਇਤਾਂ ‘ਤੇ ਅਮਲ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਅਤੇ ਨਾ ਹੀ ਅਫਵਾਹਾਂ ‘ਤੇ ਧਿਆਨ ਦਿੱਤਾ ਜਾਵੇ ਸਗੋਂ ਅਹਿਤੀਆਤ ਵਰਤਣ ਦੀ ਲੋੜ ਹੈ।