ਧੰਨਾ ਸਿੰਘ ਗੁਲਸ਼ਨ ਦੀ ਤਸਵੀਰ ਨਾ ਲਾਉਣ ਚ ਵਿਤਕਰਾ ਮੰਦਭਾਗਾ
ਸਿੱਖ ਕੌਮ ਵੰਸ਼ ਵਾਦ ਖਿਲਾਫ ਕਮਰਕੱਸੇ ਕਰੇ –ਰਵੀਇੰਦਰ ਸਿੰਘ
ਚੰਡੀਗੜ 13 ਮਾਰਚ ( ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਜ਼ੋਰ ਦਿਤਾ ਹੈ ਕਿ ਉਹ ਕੇਂਦਰੀ ਸਿੱਖ ਅਜਾਇਬ ਘਰ ਚ ਤਸਵੀਰਾਂ ਲਾਉਣ ਸਬੰਧੀ ਉਚ ਮਾਹਰਾਂ ਦੀ ਸਥਾਈ ਕਮੇਟੀ ਦਾ ਗਠਨ ਕਰਦਿਆਂ ਇੱਕ ਨੀਤੀ ਬਣਾਵੇ ਤਾਂ ਜੋ ਕੁਰਬਾਨੀ ਵਾਲੇ ਸਿੱਖਾਂ ਦੇ ਸਨਮਾਨ ਵਜੋਂ ਚਿੱਤਰ ਲਗ ਸਕਣ।ਉਨਾ ਸਾਬਕਾ ਲੋਕ-ਸਭਾ ਮੈਂਬਰ ਪ੍ਰਮਜੀਤ ਕੌਰ ਗਲਸ਼ਨ ਵੱਲੋਂ ਬਾਦਲਾਂ ਖਿਲਾਫ ਲਾਏ ਗਏ ਦੋਸ਼ਾਂ ਦੇ ਹਵਾਲੇ ਨਾਲ ਕਿਹਾ ਕਿ ਉਨਾ ਦੇ ਪਿਤਾ ਜੀ ਸਵਰਗੀ ਧੰਨਾ ਸਿੰਘ ਗੁਲਸ਼ਨ ਸਾਬਕਾ ਕੇਂਦਰੀ ਵਜ਼ੀਰ ਦੀ ਤਸਵੀਰ ਪੱਖ-ਪਾਤ ਕਾਰਨ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗ ਨਹੀਂ ਸਕੀ ।ਸ.ਰਵੀਇੰਦਰ ਸਿੰਘ ਮੁਤਾਬਕ ਸਿੱਖ ਧਰਮ ਵਿਚ ਵਿਤਕਰਾ,ਪੱਖਪਾਤ ਕਿਸੇ ਵੀ ਕਿਸਮ ਦਾ ਹੋਣਾ ਮੰਦਭਾਗਾ ਹੈ ।ਬਾਦਲਾਂ ਦੀ ਤੰਗ ਸਿਆਸੀ ਸੋਚ ਕਾਰਨ ਹੀ ਸਿੱਖੀ ਚ ਨਿਘਾਰ ਆਇਆ ਹੈ।ਇਨਾ ਨਾਲੋਂ ਵੱਧ ਕੁਰਬਾਨੀਆਂ ਕਰਨ ਵਾਲੇ ਪਿੱਛੇ ਰਹਿ ਗਏ ਹਨ ਪਰ ਬਾਦਲਾਂ ਪੰਥ ਤੇ ਗ੍ਰੰਥ ਦਾ ਸਿਧਾਂਤ ਤਿਆਗਦਿਆਂ ਵੰਸ਼ਵਾਦ ਨੂੰ ਪ੍ਰਫੁਲਤ ਕਰਨ ਲਈ ਸਿੱਖੀ ਪ੍ਰੰਪਰਾਵਾਂ ,ਛਿੱਕੇ ਤੇ ਟੰਗ ਦਿਤੀਆਂ ਹਨ।ਉਨਾ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਸਿੱਖੀ ਸਿਧਾਂਤ ਮੁੜ ਲੀਹ ਤੇ ਲਿਆਉਣ ਲਈ ਸ਼ੋ੍ਰਮਣੀ ਅਕਾਲੀ ਦਲ, ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਬਾਦਲ ਪਰਿਵਾਰ ਤੋਂ ਅਜ਼ਾਦ ਕਰਵਾਉਣੀ ਬੇਹੱਦ ਜਰੂਰੀ ਹੈ।ਉਨਾ ਅਕਾਲੀ ਪਰਿਵਾਰਾਂ ਨੂੰ ਜ਼ੋਰ ਦਿਤਾ ਕਿ ਉਹ ਵੰਸ਼ਵਾਦ ਵਿਰੁਧ ਕਮਰਕੱਸੇ ਕਰਨ ਤਾਂ ਜੋ ਗੁਰੂ ਘਰਾਂ ਚੋਂ ਮਸੰਦ ਬਾਹਰ ਕੱਢੇ ਜਾਣ, ਜਿਨਾ ਦੀ ਬਦੌਲਤ ਗੁਰਧਾਮਾਂ ਚ ਲੁੱਟ ਹੋ ਰਹੀ ਹੈ।ਸ.ਰਵੀਇੰਦਰ ਸਿੰਘ ਨੇ ਤਖਤਾਂ ਦੇ ਜੱਥੇਦਾਰਾਂ ਬਾਰੇ ਕਿਹਾ ਕਿ ਬਾਦਲਾਂ ਉਨਾ ਨੂੰ ਵੀ ਨਹੀਂ ਬਖਸ਼ਿਆ ।ਇਕ ਮਾਮੂਲੀ ਸਾਧ ਦੀਆਂ ਚੰਦ ਵੋਟਾਂ ਖਾਤਰ ਜੱਥੇਦਾਰ ਹੀ ਚੰਡੀਗੜ ਸਰਕਾਰੀ ਕੋਠੀ ਸੱਦ ਲਏ ਜੋ ਮਹਾਂਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਤਲਬ ਕਰਦੇ ਰਹੇ ਹਨ।ਉਨਾ ਜ਼ੋਰ ਦਿਤਾ ਕਿ ਆ ਰਹੀਆਂ ਸ਼ੋ੍ਰਮਣੀ ਕਮੇਟੀ ਚੋਣਾ ਚ ਬਾਦਲਾਂ ਨੂੰ ਇਕ ਪਾਸੇ ਕੀਤਾ ਜਾਵੇ ਜਿਨਾ ਸਿਆਸਤ ਦੇ ਜ਼ੋਰ ਨਾਲ ਧਾਰਮਿਕ ਸੰਸਥਾਵਾਂ ਨੂੰ ਆਪਣੇ ਨਿਜੀ ਮੁਫਾਦ ਲਈ ਵਰਤਦਿਆਂ ਸਿੱਖੀ ਦੀ ਆਨ ਤੇ ਸ਼ਾਨ ਨੂੰ ਰੋਲ ਕੇ ਰੱਖ ਦਿਤਾ ਹੈ।