Cricket: ਨਿਊਜ਼ੀਲੈਂਡ ਹੱਥੋਂ ਭਾਰਤ ਦੀ 244 ਦੌੜਾਂ ਨਾਲ ਸ਼ਰਮਨਾਕ ਹਾਰ
– ਚੌਥੇ ਮੁਕਾਬਲੇ ’ਚ ਪੂਰੀ ਭਾਰਤੀ ਟੀਮ 89 ਦੌੜਾਂ ’ਤੇ ਆਊਟ
ਚੰਡੀਗੜ੍ਹ, 13 ਨਵੰਬਰ 2026 (ਵਿਸ਼ਵ ਵਾਰਤਾ): ਮਾਊਂਟ ਮੌਂਗਾਨੁਈ ਵਿੱਚ ਖੇਡੇ ਗਏ ਵਨਡੇ ਸੀਰੀਜ਼ ਦੇ ਚੌਥੇ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 244 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ। ਇਸ ਹਾਰ ਨਾਲ ਭਾਰਤੀ ਟੀਮ ਨੂੰ ਆਪਣੇ 52 ਸਾਲਾਂ ਦੇ ਵਨਡੇ ਕ੍ਰਿਕਟ ਇਤਿਹਾਸ ਦੀ ਦੂਜੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 50 ਓਵਰਾਂ ਵਿੱਚ 333 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਭਾਰਤੀ ਟੀਮ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਲੜਖੜਾ ਗਈ ਅਤੇ ਪੂਰੀ ਟੀਮ 26.4 ਓਵਰਾਂ ਵਿੱਚ ਸਿਰਫ਼ 89 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਨਿਊਜ਼ੀਲੈਂਡ ਵੱਲੋਂ ਦਿੱਤੇ ਗਏ 334 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਨੇ ਪਹਿਲੇ ਹੀ ਓਵਰ ਵਿੱਚ ਭਾਰਤ ਨੂੰ ਤਿੰਨ ਵੱਡੇ ਝਟਕੇ ਦਿੱਤੇ ਹਨ। ਉਨ੍ਹਾਂ ਨੇ ਰੋਹਿਤ ਸ਼ਰਮਾ ਮੈਚ ਦੀ ਪਹਿਲੀ, ਵਿਰਾਟ ਕੋਹਲੀ ਨੂੰ ਪੰਜਵੀਂ ਅਤੇ ਕਪਤਾਨ ਸ਼੍ਰੇਅਸ ਅਈਅਰ ਨੂੰ ਆਖਰੀ ਗੇਂਦ ‘ਤੇ ਆਊਟ ਕਰ ਦਿੱਤਾ। ਤਿੰਨੇ ਹੀ ਪਲੇਅਰ ਖਾਤਾ ਵੀ ਨਹੀਂ ਖੋਲ੍ਹ ਸਕੇ। ਭਾਰਤ ਨੇ ਬਿਨਾਂ ਕੋਈ ਦੌੜ ਬਣਾਏ ਤਿੰਨ ਵਿਕਟਾਂ ਗੁਆ ਦਿੱਤੀਆਂ। ਵਨਡੇ ਕ੍ਰਿਕਟ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਨੇ ਪਾਰੀ ਦੇ ਪਹਿਲੇ ਹੀ ਓਵਰ ਵਿੱਚ ਤਿੰਨ ਵਿਕਟਾਂ ਗੁਆਈਆਂ।
ਇਸ ਤੋਂ ਬਾਅਦ ਵੀ ਭਾਰਤੀ ਬੱਲੇਬਾਜ਼ੀ ਸੰਭਲ ਨਹੀਂ ਸਕੀ। ਈਸ਼ਾਨ ਕਿਸ਼ਨ, ਅਕਸ਼ਰ ਪਟੇਲ ਅਤੇ ਨਮਨ ਧੀਰ ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੇ। ਬਾਕੀ ਬੱਲੇਬਾਜ਼ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਸਾਹਮਣੇ ਟਿਕ ਨਹੀਂ ਸਕੇ।
ਵਨਡੇ ਕ੍ਰਿਕਟ ਵਿੱਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਸਾਲ 2000 ਵਿੱਚ ਸ਼ਾਰਜਾਹ ਵਿਖੇ ਸ਼੍ਰੀਲੰਕਾ ਵਿਰੁੱਧ ਹੋਈ ਸੀ। ਉਸ ਮੁਕਾਬਲੇ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ 245 ਦੌੜਾਂ ਨਾਲ ਹਰਾਇਆ ਸੀ। ਹੁਣ ਨਿਊਜ਼ੀਲੈਂਡ ਵਿਰੁੱਧ 244 ਦੌੜਾਂ ਦੀ ਹਾਰ ਭਾਰਤੀ ਟੀਮ ਦੇ ਵਨਡੇ ਇਤਿਹਾਸ ਦੀ ਦੂਜੀ ਸਭ ਤੋਂ ਵੱਡੀ ਹਾਰ ਬਣ ਗਈ ਹੈ।






















