Inernational: ਗਾਜ਼ਾ ਦੇ ਨਾਸਿਰ ਹਸਪਤਾਲ ’ਤੇ ਇਜ਼ਰਾਈਲ ਦਾ ਹਵਾਈ ਹਮਲਾ, ਸਰਜਨ ਸਮੇਤ 6 ਦੀ ਮੌਤ
ਚੰਡੀਗੜ੍ਹ, 12 ਨਵੰਬਰ 2026 (ਵਿਸ਼ਵ ਵਾਰਤਾ): ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੇ ਹਵਾਈ ਹਮਲੇ ਮੁੜ ਤੇਜ਼ ਹੋ ਗਏ ਹਨ। ਵੀਰਵਾਰ ਤੜਕੇ ਦੱਖਣੀ ਗਾਜ਼ਾ ਦੇ ਖਾਨ ਯੂਨਿਸ ਸਥਿਤ ਨਾਸਿਰ ਹਸਪਤਾਲ ਦੀ ਇੱਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ। ਗਾਜ਼ਾ ਦੀ ਸਿਵਲ ਡਿਫੈਂਸ ਸੇਵਾ ਦੇ ਬੁਲਾਰੇ ਨੇ ਰਾਇਟਰਜ਼ ਨੂੰ ਦੱਸਿਆ ਕਿ ਇਸ ਹਮਲੇ ਵਿੱਚ ਇੱਕ ਸਰਜਨ ਸਮੇਤ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖ਼ਮੀ ਹੋਏ ਹਨ।
ਇਜ਼ਰਾਈਲੀ ਫੌਜ ਨੇ ਬਾਅਦ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਹਮਲੇ ਦਾ ਨਿਸ਼ਾਨਾ ਹਮਾਸ ਦਾ ਇੱਕ ਸੀਨੀਅਰ ਮੈਂਬਰ ਅਤੇ ਉਸ ਦੇ ਹਥਿਆਰਬੰਦ ਵਿੰਗ ਦੇ ਹੋਰ ਮੈਂਬਰ ਸਨ। ਫੌਜ ਮੁਤਾਬਕ ਇਹ ਲੋਕ ਖਾਨ ਯੂਨਿਸ ਦੇ ਹਸਪਤਾਲ ਦੇ ਅੰਦਰੋਂ ਆਪਣੀਆਂ ਗਤੀਵਿਧੀਆਂ ਚਲਾ ਰਹੇ ਸਨ।
ਇਜ਼ਰਾਈਲੀ ਫੌਜ ਨੇ ਹਮਾਸ ’ਤੇ ਹਸਪਤਾਲ ਕੰਪਲੈਕਸ ਨੂੰ ਫੌਜੀ ਕਾਰਵਾਈਆਂ ਲਈ ਕਮਾਂਡ ਸੈਂਟਰ ਵਜੋਂ ਵਰਤਣ ਦਾ ਦੋਸ਼ ਵੀ ਲਗਾਇਆ ਹੈ। ਫੌਜ ਦੇ ਦਾਅਵੇ ਅਨੁਸਾਰ ਹਸਪਤਾਲ ਵਿੱਚ ਹਥਿਆਰ ਰੱਖੇ ਜਾਂਦੇ ਸਨ ਅਤੇ ਕਮਾਂਡ ਤੇ ਕੰਟਰੋਲ ਰੂਮ ਚਲਾਇਆ ਜਾ ਰਿਹਾ ਸੀ। ਇਸ ਤੋਂ ਇਲਾਵਾ ਹਸਪਤਾਲ ਦੀਆਂ ਸਹੂਲਤਾਂ ਦੀ ਵਰਤੋਂ ਲੜਾਕਿਆਂ ਲਈ ਨਿਗਰਾਨੀ ਚੌਕੀਆਂ ਅਤੇ ਪਨਾਹਗਾਹਾਂ ਵਜੋਂ ਕੀਤੀ ਜਾ ਰਹੀ ਸੀ।






















