Punjab: ਮੂਸੇਵਾਲਾ ਦੇ ਪਿਤਾ ਬਲਕੌਰ ਨੇ ਝੋਟਾ ਦੇ ਪਰਿਵਾਰ ਨੂੰ ਕੀਤਾ ਸੁਚੇਤ, ਕਿਹਾ – ‘ਭਾਵਨਾਵਾਂ ’ਚ ਆ ਕੇ ਨਾ ਲੈਣਾ ਕੋਈ ਵੱਡਾ ਫ਼ੈਸਲਾ’
– ਕਿਹਾ: ਅਮਿਤ ਸ਼ਾਹ ਨੇ ਮੇਰੇ ਪੁੱਤ ਦੇ ਕਤਲ ਮਗਰੋਂ ਇਨਸਾਫ਼ ਦਾ ਭਰੋਸਾ ਦਿੱਤਾ ਸੀ, ਪਰ ਅੱਜ ਤੱਕ ਨਿਆਂ ਨਹੀਂ ਮਿਲਿਆ
ਚੰਡੀਗੜ੍ਹ, 21 ਅਕਤੂਬਰ 2026 (ਵਿਸ਼ਵ ਵਾਰਤਾ): ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨਾਲ ਮੁਲਾਕਾਤ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਅਤੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਭਰੋਸਿਆਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁੱਤ ਦੇ ਕਤਲ ਤੋਂ ਬਾਅਦ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅੱਜ ਤੱਕ ਨਿਆਂ ਨਹੀਂ ਮਿਲਿਆ। ਜਾਂਚ ਦੇ ਨਾਂ ’ਤੇ ਸਿਰਫ਼ ਭਰੋਸੇ ਹੀ ਮਿਲਦੇ ਰਹੇ ਹਨ।
ਮਾਨਸਾ ਵਿੱਚ ਝੋਟਾ ਦੇ ਪਰਿਵਾਰ ਦੇ ਧਰਨੇ ਦੌਰਾਨ ਬਲਕੌਰ ਸਿੰਘ ਨੇ ਪਰਿਵਾਰ ਨੂੰ ਅਪੀਲ ਕੀਤੀ ਕਿ ਇਸ ਮੁਸ਼ਕਲ ਘੜੀ ਵਿੱਚ ਭਾਵਨਾਵਾਂ ਦੇ ਵਹਾਅ ਵਿੱਚ ਆ ਕੇ ਕੋਈ ਵੱਡਾ ਫ਼ੈਸਲਾ ਨਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਸਿਰਫ਼ ਭਰੋਸੇ ਨਹੀਂ, ਸਗੋਂ ਇਨਸਾਫ਼ ਚਾਹੀਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਚਿੰਤਾ ਵੀ ਸੀ ਕਿ ਪੁੱਤ ਦੇ ਕਤਲ ਤੋਂ ਬਾਅਦ ਉਨ੍ਹਾਂ ਤੋਂ ਜਿਹੜੀਆਂ ਗ਼ਲਤੀਆਂ ਹੋਈਆਂ, ਉਹ ਸਰਦਾਰ ਭੀਮ ਸਿੰਘ ਨਾ ਦੁਹਰਾਉਣ। ਉਨ੍ਹਾਂ ਦੱਸਿਆ ਕਿ ਜਦੋਂ ਕਿਸੇ ਪਰਿਵਾਰ ’ਤੇ ਅਜਿਹੀ ਮੁਸੀਬਤ ਆਉਂਦੀ ਹੈ ਤਾਂ ਪਰਿਵਾਰਕ ਮੈਂਬਰ ਮਾਨਸਿਕ ਤੌਰ ’ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੇ ਹਨ। ਉਹ ਠੀਕ ਤਰ੍ਹਾਂ ਸੌਂ ਜਾਂ ਖਾ ਵੀ ਨਹੀਂ ਸਕਦੇ ਅਤੇ 8 ਤੋਂ 10 ਦਿਨਾਂ ਵਿੱਚ ਹੀ ਉਨ੍ਹਾਂ ਦੀ ਸਰੀਰਕ ਹਾਲਤ ਵਿਗੜਨ ਲੱਗਦੀ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਪਰਿਵਾਰ ਲਈ ਸੋਚ-ਸਮਝ ਕੇ ਕੋਈ ਠੋਸ ਫ਼ੈਸਲਾ ਲੈਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਪਰਿਵਾਰ ਨੂੰ ਸਬਰ ਨਾਲ ਕੰਮ ਲੈਣਾ ਚਾਹੀਦਾ ਹੈ। ਬਲਕੌਰ ਸਿੰਘ ਨੇ ਪਰਵਿੰਦਰ ਝੋਟਾ ਦੇ ਪਰਿਵਾਰ ਦੇ ਹੱਕ ਵਿੱਚ ਖੜ੍ਹੀਆਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੇ ਸਮਰਥਨ ਅਤੇ ਲਗਾਤਾਰ ਸੰਘਰਸ਼ ਕਾਰਨ ਹੀ ਸਰਕਾਰ ਦਾ ਧਿਆਨ ਇਸ ਮਾਮਲੇ ਵੱਲ ਗਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਪੰਜਾਬ ਆਉਣਾ ਪਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























