National: ਦਿੱਲੀ ’ਚ ਅੱਜ I.N.D.I.A. ਬਲਾਕ ਦੀ ਅਹਿਮ ਮੀਟਿੰਗ ਅੱਜ
– SIR ਅਤੇ ਚੋਣ ਕਮਿਸ਼ਨ ਦੇ ਮੁੱਦੇ ’ਤੇ ਹੋਵੇਗੀ ਚਰਚਾ
ਨਵੀਂ ਦਿੱਲੀ, 30 ਸਤੰਬਰ (ਵਿਸ਼ਵ ਵਾਰਤਾ): ਵਿਰੋਧੀ ਧਿਰਾਂ ਦੇ I.N.D.I.A. ਬਲਾਕ ਦੀ ਅੱਜ ਨਵੀਂ ਦਿੱਲੀ ਵਿੱਚ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਤੇ ਚੋਣ ਕਮਿਸ਼ਨ ਦੇ ਕੰਮਕਾਜ ਨੂੰ ਲੈ ਕੇ ਸਾਹਮਣੇ ਆਏ ਅੰਦਰੂਨੀ ਮਤਭੇਦਾਂ ਸਮੇਤ ਚੋਣਾਂ ਨਾਲ ਜੁੜੇ ਹੋਰ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਮੀਟਿੰਗ ਦੌਰਾਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਾਲ ਜੁੜੇ ਮਾਮਲੇ ਅਤੇ ਉਨ੍ਹਾਂ ਖ਼ਿਲਾਫ਼ ਹਟਾਉਣ ਦੇ ਪ੍ਰਸਤਾਵ ਲਈ ਸੰਸਦ ਮੈਂਬਰਾਂ ਦੀ ਹਮਾਇਤ ਜੁਟਾਉਣ ਬਾਰੇ ਵੀ ਵਿਚਾਰ-ਵਟਾਂਦਰਾ ਹੋ ਸਕਦਾ ਹੈ। EVM ਅਤੇ VVPAT ਨਾਲ ਸਬੰਧਤ ਮੁੱਦੇ ਵੀ ਏਜੰਡੇ ਵਿੱਚ ਦੱਸੇ ਜਾ ਰਹੇ ਹਨ।
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਮੀਟਿੰਗ ਵਿੱਚ ਖੁਦ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਦੀ ਥਾਂ ਪਾਰਟੀ ਵੱਲੋਂ ਹੋਰ ਆਗੂ ਸ਼ਾਮਲ ਹੋਣਗੇ। ਰਿਪੋਰਟਾਂ ਮੁਤਾਬਕ ਅਖਿਲੇਸ਼ ਯਾਦਵ ਦੀ ਗੈਰਹਾਜ਼ਰੀ ਦਾ ਕਾਰਨ ਹੋਰ ਰਾਜਨੀਤਿਕ ਰੁਝੇਵੇਂ ਦੱਸਿਆ ਗਿਆ ਹੈ।
ਸ਼ਿਵਸੇਨਾ (UBT) ਮੁਖੀ ਉੱਧਵ ਠਾਕਰੇ ਵੀ ਮੀਟਿੰਗ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਹੋਣ ਦੀ ਬਜਾਏ ਵੀਡੀਓ ਕਾਨਫਰੰਸਿੰਗ ਰਾਹੀਂ ਜੁੜਨਗੇ। ਪਾਰਟੀ ਦੇ ਸੰਸਦ ਮੈਂਬਰ ਸੰਜੇ ਰਾਊਤ ਮੁਤਾਬਕ ਪਾਰਟੀ 2 ਅਕਤੂਬਰ ਨੂੰ ਗਿਆਨੇਸ਼ ਕੁਮਾਰ ਖ਼ਿਲਾਫ਼ ਹੋਣ ਵਾਲੇ ਪ੍ਰਦਰਸ਼ਨ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ।
ਰਿਪੋਰਟਾਂ ਮੁਤਾਬਕ ਆਮ ਆਦਮੀ ਪਾਰਟੀ (AAP) ਅਤੇ DMK ਦਾ ਕੋਈ ਨੁਮਾਇੰਦਾ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗਾ। AAP ਪਹਿਲਾਂ ਹੀ ਕਹਿ ਚੁੱਕੀ ਹੈ ਕਿ ਜਿੱਥੇ ਕਾਂਗਰਸ ਸ਼ਾਮਲ ਹੋਵੇਗੀ, ਉੱਥੇ ਉਹ ਸ਼ਾਮਲ ਨਹੀਂ ਹੋਵੇਗੀ। ਉੱਧਰ ਤਾਮਿਲਨਾਡੂ ਵਿੱਚ DMK ਅਤੇ ਕਾਂਗਰਸ ਵਿਚਾਲੇ ਵੀ ਮਤਭੇਦ ਸਾਹਮਣੇ ਆ ਚੁੱਕੇ ਹਨ।
ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀਆਂ ਵੱਲੋਂ SIR ਅਤੇ ਚੋਣ ਕਮਿਸ਼ਨ ਨਾਲ ਜੁੜੇ ਮੁੱਦਿਆਂ ’ਤੇ ਸਾਂਝੀ ਰਣਨੀਤੀ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























