Asian Games: ਜਾਪਾਨ ਦੀਆਂ ਸਹੂਲਤਾਂ ਤੋਂ BCCI ਨਾਰਾਜ਼, ਭੇਜੀਆਂ ਜਾ ਸਕਦੀਆਂ ਨੇ ਕ੍ਰਿਕਟ ਦੀਆਂ B ਟੀਮਾਂ !
ਨਵੀਂ ਦਿੱਲੀ, 28 ਅਗਸਤ (ਵਿਸ਼ਵ ਵਾਰਤਾ) – ਜਾਪਾਨ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਭਾਰਤ ਆਪਣੀਆਂ ਮੁੱਖ ਕ੍ਰਿਕਟ ਟੀਮਾਂ ਦੀ ਥਾਂ ਪੁਰਸ਼ ਅਤੇ ਮਹਿਲਾ ਵਰਗ ਦੀਆਂ B ਟੀਮਾਂ ਭੇਜਣ ਬਾਰੇ ਵਿਚਾਰ ਕਰ ਸਕਦਾ ਹੈ। ਰਿਪੋਰਟਾਂ ਮੁਤਾਬਕ ਜਾਪਾਨ ਵਿੱਚ ਖਿਡਾਰੀਆਂ ਲਈ ਕੀਤੀਆਂ ਗਈਆਂ ਰਿਹਾਇਸ਼ ਅਤੇ ਖੇਡ ਸਹੂਲਤਾਂ ਤੋਂ BCCI ਸੰਤੁਸ਼ਟ ਨਹੀਂ ਹੈ। ਏਸ਼ਿਆਈ ਖੇਡਾਂ ਵਿੱਚ ਕ੍ਰਿਕਟ ਮੁਕਾਬਲੇ 17 ਸਤੰਬਰ ਤੋਂ 3 ਅਕਤੂਬਰ ਤੱਕ ਕਰਵਾਏ ਜਾਣੇ ਹਨ। ਭਾਰਤ ਵੱਲੋਂ ਪੁਰਸ਼ ਅਤੇ ਮਹਿਲਾ ਟੀਮਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ, ਪਰ ਹੁਣ ਸਹੂਲਤਾਂ ਨੂੰ ਲੈ ਕੇ ਉਠੇ ਸਵਾਲਾਂ ਕਾਰਨ ਟੀਮਾਂ ਵਿੱਚ ਤਬਦੀਲੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸੂਤਰਾਂ ਅਨੁਸਾਰ ਖਿਡਾਰੀਆਂ ਲਈ ਜਿਨ੍ਹਾਂ ਹੋਟਲ ਕਮਰਿਆਂ ਦੀ ਵਿਵਸਥਾ ਕੀਤੀ ਗਈ ਹੈ, ਉਹ ਕਾਫ਼ੀ ਛੋਟੇ ਹਨ। ਦੱਸਿਆ ਜਾ ਰਿਹਾ ਹੈ ਕਿ ਕਮਰਿਆਂ ਵਿੱਚ ਖਿਡਾਰੀਆਂ ਦੇ ਵੱਡੇ ਕਿੱਟ ਬੈਗ ਰੱਖਣ ਲਈ ਵੀ ਲੋੜੀਂਦੀ ਜਗ੍ਹਾ ਨਹੀਂ ਹੈ। ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੇਕਰ ਦੋ ਖਿਡਾਰੀ ਆਪਣੇ ਕਿੱਟ ਬੈਗ ਖੋਲ੍ਹ ਲੈਣ ਤਾਂ ਕਮਰੇ ਵਿੱਚ ਆਰਾਮ ਨਾਲ ਖੜ੍ਹਨ ਜਾਂ ਤੁਰਨ ਲਈ ਵੀ ਥਾਂ ਘੱਟ ਪੈ ਜਾਂਦੀ ਹੈ।
ਇਸ ਵਾਰ ਖਿਡਾਰੀਆਂ ਲਈ ਵੱਖਰਾ ਐਥਲੀਟ ਵਿਲੇਜ ਤਿਆਰ ਨਹੀਂ ਕੀਤਾ ਗਿਆ ਹੈ। ਸਟੇਡੀਅਮ ਦੇ ਨੇੜੇ ਸਥਿਤ ਪੰਜ ਤਾਰਾ ਹੋਟਲ ਪਹਿਲਾਂ ਹੀ ਬੁੱਕ ਹੋਣ ਕਾਰਨ ਕ੍ਰਿਕਟ ਖਿਡਾਰੀਆਂ ਨੂੰ ਮੈਦਾਨ ਤੋਂ ਕਰੀਬ 20 ਕਿਲੋਮੀਟਰ ਦੂਰ ਠਹਿਰਾਉਣ ਦੀ ਯੋਜਨਾ ਹੈ। ਇਸ ਕਾਰਨ ਖਿਡਾਰੀਆਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਵਧੇਰੇ ਸਮਾਂ ਲੱਗਣ ਦੀ ਚਿੰਤਾ ਹੈ। ਖਿਡਾਰੀਆਂ ਲਈ ਪੱਕੀ ਇਮਾਰਤ ਦੀ ਬਜਾਏ ਟੈਂਟਾਂ ਵਿੱਚ ਡ੍ਰੈਸਿੰਗ ਰੂਮ ਬਣਾਏ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਇਲਾਵਾ ਵਾਸ਼ਰੂਮ ਕਰੀਬ 500 ਮੀਟਰ ਦੂਰ ਹੋਣ ਕਾਰਨ ਖਿਡਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਖੇਡ ਸਹੂਲਤਾਂ ਅਤੇ ਪਿੱਚ ਦੀ ਗੁਣਵੱਤਾ ਨੂੰ ਲੈ ਕੇ ਉੱਠੇ ਸਵਾਲਾਂ ਤੋਂ ਬਾਅਦ ਏਸ਼ੀਅਨ ਕ੍ਰਿਕਟ ਕੌਂਸਲ (ACC) ਨੇ ਜਾਪਾਨ ਵਿੱਚ ਇੱਕ ਤਕਨੀਕੀ ਟੀਮ ਭੇਜਣ ਦਾ ਫ਼ੈਸਲਾ ਕੀਤਾ ਹੈ। ਇਹ ਟੀਮ ਮੈਦਾਨ, ਪਿੱਚ, ਪ੍ਰੈਕਟਿਸ ਨੈੱਟਸ ਅਤੇ ਖਿਡਾਰੀਆਂ ਲਈ ਕੀਤੀ ਗਈ ਰਿਹਾਇਸ਼ ਸਮੇਤ ਹੋਰ ਪ੍ਰਬੰਧਾਂ ਦੀ ਜਾਂਚ ਕਰੇਗੀ। ਇਸ ਜਾਂਚ ਤੋਂ ਬਾਅਦ ਹੀ ਸਹੂਲਤਾਂ ਨੂੰ ਲੈ ਕੇ ਅਗਲਾ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























