ਨੇਪਾਲ ‘ਚ ਅਜੇ ਵੀ ਪੂਰੀ ਤਰ੍ਹਾਂ ਨਹੀਂ ਟਲਿਆ ਖ਼ਤਰਾ; ਫਿਰ ਆ ਸਕਦੀ ਹੈ ਵੱਡੀ ਆਫ਼ਤ!
ਨੇਪਾਲ, 27 ਅਗਸਤ (ਵਿਸ਼ਵ ਵਾਰਤਾ) – ਨੇਪਾਲ ਵਿੱਚ ਬੁੱਧਵਾਰ ਨੂੰ ਆਏ ਭਾਰੀ ਹੜ੍ਹ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੜ੍ਹ ਕਰਕੇ ਹੁਣ ਤੱਕ 359 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1300 ਤੋਂ ਵੱਧ ਲੋਕ ਲਾਪਤਾ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ, ਪਰ ਮ੍ਰਿਤਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਦੱਸ ਦਈਏ ਕਿ ਨੇਪਾਲ ਵਿੱਚ ਆਏ ਹੜ੍ਹਾਂ ‘ਚ ਭਾਰਤ ਦੇ 288 ਲੋਕ ਲਾਪਤਾ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਮਾਨਸਰੋਵਰ ਯਾਤਰਾ ‘ਤੇ ਗਏ ਸਨ। ਇਨ੍ਹਾਂ ਹੜ੍ਹਾਂ ਨੇ ਕਈ ਕਸਬਿਆਂ ਅਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ, ਜ਼ਰੂਰੀ ਪੁਲ ਰੋੜ੍ਹ ਦਿੱਤੇ ਅਤੇ ਇੱਕ ਦਰਜਨ ਹਾਈਡ੍ਰੋਪਾਵਰ ਪ੍ਰੋਜੈਕਟਾਂ ਨੂੰ ਨੁਕਸਾਨ ਪਹੁੰਚਾਇਆ।
ਵਿਨਾਸ਼ਕਾਰੀ ਹੜ੍ਹ ਦੇ ਬਾਅਦ ਵੀ ਨੇਪਾਲ ਵਿੱਚ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ ਅਤੇ ਦੇਸ਼ ਨੂੰ ਅਜੇ ਵੀ ਅਲਰਟ ‘ਤੇ ਰੱਖਿਆ ਗਿਆ ਹੈ। ਖ਼ੁਦ ਚੀਨ ਨੇ ਵੀ ਆਉਣ ਵਾਲੇ ਸਮੇਂ ਵਿੱਚ ਨੇਪਾਲ ਵਿੱਚ ਇੱਕ ਹੋਰ ਜ਼ਬਰਦਸਤ ਹੜ੍ਹ ਆਉਣ ਦੀ ਸੰਭਾਵਨਾ ਜਤਾਈ ਹੈ।
ਨੇਪਾਲ-ਚੀਨ ਸਰਹੱਦ (ਸੀਮਾ) ਦੇ ਨੇੜੇ ਛੋਚੇਨ ਖੋਲਾ ਅਤੇ ਪੁਰੇਪੂ ਸਾਂਗਪੋ ਨਦੀਆਂ ਦੇ ਸੰਗਮ ‘ਤੇ ਢਿੱਗਾਂ ਡਿੱਗਣ ਅਤੇ ਮਲਬੇ ਕਰਕੇ ਇੱਕ ਵਿਸ਼ਾਲ ਬੈਰੀਅਰ ਲੇਕ ਯਾਨੀ ਅਸਥਾਈ ਝੀਲ ਬਣ ਗਈ ਹੈ। ਚੀਨ ਦੀ ਸਰਕਾਰ ਮੁਤਾਬਕ, ਇਸ ਬਣਾਉਟੀ ਝੀਲ ਵਿੱਚ ਲਗਭਗ 20 ਲੱਖ ਘਣ ਮੀਟਰ ਪਾਣੀ ਜਮ੍ਹਾਂ ਹੋ ਚੁੱਕਾ ਹੈ ਅਤੇ ਇਹ ਉੱਪਰੋਂ ਵਹਿਣ ਲੱਗੀ ਹੈ। ਅਗਲੇ ਕੁਝ ਦਿਨਾਂ ਵਿੱਚ ਇਸ ਵਿੱਚ 30 ਲੱਖ ਘਣ ਮੀਟਰ ਵਾਧੂ ਪਾਣੀ ਆਉਣ ਦਾ ਖ਼ਦਸ਼ਾ ਹੈ, ਜਿਸ ਨਾਲ ਇਸ ਦੇ ਟੁੱਟਣ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਗਿਆ ਹੈ। ਜੇਕਰ ਇਹ ਟੁੱਟਦਾ ਹੈ, ਤਾਂ ਹੇਠਲੇ ਇਲਾਕਿਆਂ ਵਿੱਚ ਅਚਾਨਕ ਫਿਰ ਤੋਂ ਵਿਨਾਸ਼ਕਾਰੀ ਹੜ੍ਹ ਆ ਸਕਦਾ ਹੈ।
ਨੇਪਾਲ ਦੇ ਜਲ ਅਤੇ ਮੌਸਮ ਵਿਗਿਆਨ ਵਿਭਾਗ ਨੇ ਭੋਟੇਕੋਸ਼ੀ ਦੇ ਹੇਠਲੇ ਇਲਾਕਿਆਂ ਵਿੱਚ ਲੋਕਾਂ ਨੂੰ ਨਦੀ ਦੇ ਕੰਢੇ ਤੋਂ ਦੂਰ ਰਹਿਣ ਅਤੇ ਸੁਰੱਖਿਅਤ ਥਾਂ ‘ਤੇ ਜਾਣ ਦੀ ਸਲਾਹ ਦਿੱਤੀ ਹੈ। ਝੀਲ ਲਗਭਗ 0.11 ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਹੈ। ਇਸ ਦੇ ਟੁੱਟਣ ‘ਤੇ ਭੋਟੇਕੋਸ਼ੀ ਵਿੱਚ ਫਿਰ ਤੇਜ਼ ਹੜ੍ਹ ਆ ਸਕਦਾ ਹੈ।
ਦੱਸ ਦਈਏ ਕਿ ਭਿਆਨਕ ਹੜ੍ਹ ਵਿੱਚ ਹਜ਼ਾਰਾਂ ਲੋਕ ਲਾਪਤਾ ਹਨ। ਲਾਪਤਾ ਲੋਕਾਂ ਵਿੱਚ ਕਈ ਵਿਦੇਸ਼ੀ ਨਾਗਰਿਕ ਵੀ ਹਨ, ਜੋ ਟ੍ਰੈਕਿੰਗ, ਗਾਈਡਡ ਟੂਰ ਜਾਂ ਪਵਿੱਤਰ ਹਿੰਦੂ ਅਸਥਾਨ ਦੀ ਤੀਰਥ ਯਾਤਰਾ ਲਈ ਇਸ ਖੇਤਰ ਵਿੱਚ ਪਹੁੰਚੇ ਸਨ। ਰਿਕਾਰਡ ਮੁਤਾਬਕ 30 ਤੋਂ ਵੱਧ ਦੇਸ਼ਾਂ ਦੇ ਨਾਗਰਿਕ ਇਸ ਤ੍ਰਾਸਦੀ ਵਿੱਚ ਲਾਪਤਾ ਹੋਏ ਹਨ।
ਲਾਪਤਾ ਦੱਸੇ ਗਏ ਲੋਕਾਂ ਵਿੱਚ ਨੇਪਾਲ, ਚੀਨ, ਭਾਰਤ, ਅਮਰੀਕਾ, ਯੂਕ੍ਰੇਨ, ਮਲੇਸ਼ੀਆ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ, ਦੱਖਣੀ ਕੋਰੀਆ, ਸਿੰਗਾਪੁਰ, ਜਰਮਨੀ, ਰੂਸ, ਦੱਖਣੀ ਅਫਰੀਕਾ, ਲਾਤਵੀਆ, ਜਾਪਾਨ, ਨਿਊਜ਼ੀਲੈਂਡ, ਫਰਾਂਸ, ਬੈਲਜੀਅਮ, ਸਪੇਨ, ਇਟਲੀ, ਕਜ਼ਾਕਿਸਤਾਨ, ਪੁਰਤਗਾਲ, ਆਇਰਲੈਂਡ, ਨੀਦਰਲੈਂਡਜ਼, ਬੇਲਾਰੂਸ, ਫਿਨਲੈਂਡ, ਹੰਗਰੀ, ਇਜ਼ਰਾਈਲ, ਲਿਥੁਆਨੀਆ, ਫਿਲੀਪੀਨਜ਼, ਬੁਲਗਾਰੀਆ, ਸਵਿਟਜ਼ਰਲੈਂਡ, ਸਰਬੀਆ ਅਤੇ ਸਵੀਡਨ ਦੇ ਨਾਗਰਿਕ ਸ਼ਾਮਲ ਹਨ। ਲਾਪਤਾ ਲੋਕਾਂ ਦੀ ਗਿਣਤੀ ਵੱਖ-ਵੱਖ ਏਜੰਸੀਆਂ ਵਿੱਚ ਅਲੱਗ ਹੋ ਸਕਦੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਏਜੰਸੀਆਂ ਨੇ ਅੰਕੜੇ ਇਕੱਠੇ ਕਰਨ ਦੇ ਵੱਖ-ਵੱਖ ਤਰੀਕੇ ਅਪਣਾਏ, ਰਿਪੋਰਟ ਅਲੱਗ-ਅਲੱਗ ਸਮੇਂ ‘ਤੇ ਮਿਲੀ ਅਤੇ ਅੰਕੜਿਆਂ ਦੀ ਤਸਦੀਕ ਵਿੱਚ ਵੀ ਅੰਤਰ ਦੇਖਣ ਨੂੰ ਮਿਲ ਰਿਹਾ ਹੈ।























