ਬਿਜਲੀ ਦੇ ਵੱਧ ਬਿੱਲਾਂ ਤੋਂ ਪ੍ਰੇਸ਼ਾਨ ਖਪਤਕਾਰਾਂ ਨੂੰ ਮਿਲੇਗੀ ਰਾਹਤ
– ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਾਂਝੀ ਕੀਤੀ ਅਹਿਮ ਜਾਣਕਾਰੀ
ਚੰਡੀਗੜ੍ਹ, 25 ਅਗਸਤ 2026 (ਵਿਸ਼ਵ ਵਾਰਤਾ): ਪੰਜਾਬ ਵਿੱਚ ਬਿਜਲੀ ਦੇ ਵੱਧ ਬਿੱਲਾਂ ਅਤੇ 300 ਯੂਨਿਟ ਮੁਫ਼ਤ ਬਿਜਲੀ ਦੀ ਸਬਸਿਡੀ ਨਾ ਮਿਲਣ ਤੋਂ ਪਰੇਸ਼ਾਨ ਖਪਤਕਾਰਾਂ ਲਈ ਰਾਹਤ ਭਰੀ ਖਬਰ ਹੈ। ਸਰਕਾਰ ਨੇ ਅਜਿਹੇ 63,702 ਖਪਤਕਾਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਸਬਸਿਡੀ ਦਾ ਲਾਭ ਨਹੀਂ ਮਿਲ ਸਕਿਆ ਸੀ।
ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੀਟਰ ਰੀਡਰਾਂ ਦੀ ਹੜਤਾਲ ਦੌਰਾਨ ਇਹਨਾਂ ਖਪਤਕਾਰਾਂ ਨੂੰ ਔਸਤ ਖਪਤ ਦੇ ਆਧਾਰ ‘ਤੇ ਬਿੱਲ ਭੇਜੇ ਗਏ ਸਨ। ਇਸ ਵਜ੍ਹਾ ਕਰਕੇ ਮਈ ਅਤੇ ਜੂਨ ਦੀ 300 ਯੂਨਿਟ ਤੱਕ ਦੀ ਮੁਫ਼ਤ ਬਿਜਲੀ ਦੀ ਸਬਸਿਡੀ ਬਿੱਲ ਵਿੱਚ ਨਹੀਂ ਜੁੜ ਸਕੀ।ਹੁਣ ਇਹਨਾਂ ਸਾਰੇ ਖਪਤਕਾਰਾਂ ਦੇ ਬਿੱਲ ਨਵੇਂ ਸਿਰੇ ਤੋਂ ਤਿਆਰ ਕੀਤੇ ਜਾਣਗੇ। ਸਰਕਾਰ ਅਗਲੇ ਤਿੰਨ ਕੰਮਕਾਜੀ ਦਿਨਾਂ ਵਿੱਚ ਨਵੇਂ ਬਿੱਲ ਜਾਰੀ ਕਰੇਗੀ ਅਤੇ ਮਈ-ਜੂਨ ਦੀ ਸਬਸਿਡੀ ਦਾ ਲਾਭ ਦੇਵੇਗੀ।
ਉੱਥੇ ਹੀ, ਜਿਨ੍ਹਾਂ ਖਪਤਕਾਰਾਂ ਨੇ ਪਹਿਲਾਂ ਹੀ ਬਿੱਲ ਜਮ੍ਹਾਂ ਕਰਵਾ ਦਿੱਤਾ ਹੈ, ਉਨ੍ਹਾਂ ਦਾ ਐਡਜਸਟਮੈਂਟ ਅਗਲੇ ਬਿੱਲ ਵਿੱਚ ਕੀਤਾ ਜਾਵੇਗਾ। ਵੱਧ ਬਿੱਲ ਆਉਣ ਦੀਆਂ ਸ਼ਿਕਾਇਤਾਂ ਲਈ ਸਰਕਾਰ ਵਿਸ਼ੇਸ਼ ਹੈਲਪਲਾਈਨ ਵੀ ਸ਼ੁਰੂ ਕਰੇਗੀ, ਜਿੱਥੇ 20 ਕਰਮਚਾਰੀਆਂ ਦੀ ਟੀਮ ਸ਼ਿਕਾਇਤਾਂ ਦਾ ਹੱਲ ਕਰੇਗੀ।
ਉਨ੍ਹਾਂ ਕਿਹਾ ਕਿ PSPCL ਵਿੱਚ ਪਹਿਲਾਂ ਸਾਡਾ ਪੁਰਾਣਾ ਸਿਸਟਮ ਚੱਲਦਾ ਸੀ। ਜਦੋਂ ਅਸੀਂ ਨਵੇਂ ਸਾਫਟਵੇਅਰ ਦੀ ਵਰਤੋਂ ਕਰਨ ਲੱਗੇ ਤਾਂ ਇਸ ਵਿੱਚ ਖ਼ਾਮੀ ਆ ਗਈ। ਇਸ ਵਜ੍ਹਾ ਕਰਕੇ ਜਦੋਂ ਪੁਰਾਣੇ ਸਾਫਟਵੇਅਰ ਤੋਂ ਨਵੇਂ ਸਾਫਟਵੇਅਰ ਵਿੱਚ ਡੇਟਾ ਭੇਜਿਆ ਗਿਆ ਤਾਂ ਖ਼ਾਮੀ ਆਈ। ਇਸ ਵਿੱਚ ਪਤਾ ਲੱਗਿਆ ਕਿ ਦੋ ਪ੍ਰਤੀਸ਼ਤ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦਾ ਬਿੱਲ ਵੱਧ ਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਹੁਣ ਖ਼ਾਮੀ ਨੂੰ ਠੀਕ ਕਰ ਦਿੱਤਾ ਗਿਆ ਹੈ। ਜਿਸ ਕੰਪਨੀ ਨੇ ਸਾਫਟਵੇਅਰ ਬਣਾਇਆ ਸੀ, ਉਸ ਨੂੰ ਸ਼ੋਅ-ਕਾਜ਼ ਨੋਟਿਸ ਭੇਜਿਆ ਗਿਆ ਹੈ। ਲੋਕਾਂ ਦੀ ਸਹੂਲਤ ਲਈ ਇੱਕ ਸਮਰਪਿਤ ਹੈਲਪਲਾਈਨ ਸ਼ੁਰੂ ਕਰਨ ਜਾ ਰਹੇ ਹਾਂ। ਇਸ ‘ਤੇ 20 ਲੋਕ ਤਾਇਨਾਤ ਕੀਤੇ ਜਾਣਗੇ। ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬਿੱਲ ਵੱਧ ਆਇਆ ਹੈ, ਉਸ ਦੀ ਯੋਗ ਪੜਤਾਲ ਕਰਕੇ ਜੋ ਬਣਦਾ ਹੈ, ਉਹ ਐਕਸ਼ਨ ਲਿਆ ਜਾਵੇਗਾ। 98 ਪ੍ਰਤੀਸ਼ਤ ਬਿੱਲ ਸਹੀ ਹਨ। ਹੈਲਪਲਾਈਨ ‘ਤੇ ਸ਼ਿਕਾਇਤ ਕਰਨ ‘ਤੇ 15 ਦਿਨਾਂ ਵਿੱਚ ਇਸ ਨੂੰ ਠੀਕ ਕਰਕੇ ਭੇਜਾਂਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























