Chandigarh IED Case: ਪ੍ਰਭਪ੍ਰੀਤ ਦੀ ਨਾਨੀ ਦਾ ਰੋ-ਰੋ ਬੁਰਾ ਹਾਲ, ਕਿਹਾ ਉਹ ਹੀ ਸੀ ਉਸ ਦਾ ਸਹਾਰਾ
ਚੰਡੀਗੜ੍ਹ, 25 ਅਗਸਤ (ਵਿਸ਼ਵ ਵਾਰਤਾ): ਚੰਡੀਗੜ੍ਹ ਵਿੱਚ IED ਸਮੇਤ ਗ੍ਰਿਫ਼ਤਾਰ ਕੀਤੇ ਗਏ ਤਿੰਨ ਨੌਜਵਾਨਾਂ ਵਿੱਚੋਂ ਇੱਕ ਅੰਮ੍ਰਿਤਸਰ ਦਾ ਰਹਿਣ ਵਾਲਾ ਪ੍ਰਭਪ੍ਰੀਤ ਸਿੰਘ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਭਪ੍ਰੀਤ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਆਪਣੀ ਨਾਨੀ ਕੋਲ ਰਹਿ ਰਿਹਾ ਸੀ। 22 ਅਗਸਤ ਦੀ ਦੁਪਹਿਰ ਪ੍ਰਭਪ੍ਰੀਤ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਮਿਸਤਰੀ ਦੇ ਪਿਤਾ ਦੀ ਦਵਾਈ ਲੈ ਕੇ ਆਉਣੀ ਹੈ। ਉਸ ਨੇ ਨਾਨੀ ਨੂੰ ਜਲਦ ਵਾਪਸ ਆਉਣ ਦੀ ਗੱਲ ਕਹੀ ਸੀ, ਪਰ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ। ਨਾਨੀ ਵੱਲੋਂ ਫੋਨ ਕਰਨ ‘ਤੇ ਉਸ ਦਾ ਮੋਬਾਈਲ ਬੰਦ ਮਿਲਿਆ। ਅਗਲੇ ਦਿਨ 23 ਅਗਸਤ ਨੂੰ ਰਿਸ਼ਤੇਦਾਰਾਂ ਰਾਹੀਂ ਪਰਿਵਾਰ ਨੂੰ ਪਤਾ ਲੱਗਾ ਕਿ ਪ੍ਰਭਪ੍ਰੀਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰਭਪ੍ਰੀਤ ਦੀ ਨਾਨੀ ਬਲਜੀਤ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਕਦੇ ਅੰਦਾਜ਼ਾ ਨਹੀਂ ਸੀ ਕਿ ਪ੍ਰਭਪ੍ਰੀਤ ਕਿਸੇ ਅਜਿਹੀ ਗਤੀਵਿਧੀ ਵਿੱਚ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਮੁਤਾਬਕ, ਪਤੀ ਦੀ ਮੌਤ ਤੋਂ ਬਾਅਦ ਪ੍ਰਭਪ੍ਰੀਤ ਹੀ ਉਨ੍ਹਾਂ ਦਾ ਸਹਾਰਾ ਸੀ। ਪ੍ਰਭਪ੍ਰੀਤ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਨੌਜਵਾਨ ਤਰਨਤਾਰਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਦੋਵੇਂ ਆਪਸ ਵਿੱਚ ਰਿਸ਼ਤੇਦਾਰ ਹਨ। ਫਿਲਹਾਲ ਜਾਂਚ ਏਜੰਸੀਆਂ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ। ਏਜੰਸੀਆਂ ਵੱਲੋਂ ਉਨ੍ਹਾਂ ਦੇ ਕਥਿਤ ਨੈੱਟਵਰਕ, ਸੰਪਰਕਾਂ ਅਤੇ ਇਸ ਮਾਮਲੇ ਵਿੱਚ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ: https://wishavwarta.in/























