Cricket: ਭਾਰਤ-ਨਿਊਜ਼ੀਲੈਂਡ ਪਹਿਲਾ ਵਨਡੇ ਮੀਂਹ ਕਾਰਨ ਰੁਕਿਆ, ਥੋੜ੍ਹੀ ਦੇਰ ਤੱਕ ਮੁੜ ਸ਼ੁਰੂ ਹੋਵੇਗਾ ਮੈਚ
– ਭਾਰਤ ਦਾ ਸਕੋਰ 54/1
– ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 186 ਦੌੜਾਂ ਦਾ ਟੀਚਾ
– ਰੋਹਿਤ ਸ਼ਰਮਾ ਬਿਨਾਂ ਖਾਤਾ ਖੋਲ੍ਹੇ ਆਊਟ
– ਕੋਹਲੀ ਅਤੇ ਗਿੱਲ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ
ਚੰਡੀਗੜ੍ਹ, 5 ਨਵੰਬਰ 2026 (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਪਹਿਲੇ ਵਨਡੇ ਮੈਚ ਵਿੱਚ ਮੀਂਹ ਕਾਰਨ ਖੇਡ ਰੋਕਣੀ ਪਈ ਹੈ। ਖੇਡ ਰੁਕਣ ਤੱਕ ਭਾਰਤੀ ਟੀਮ ਨੇ 10.5 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ’ਤੇ 54 ਦੌੜਾਂ ਬਣਾ ਲਈਆਂ ਸਨ। ਭਾਰਤ ਨੂੰ ਜਿੱਤ ਲਈ ਅਜੇ 132 ਦੌੜਾਂ ਦੀ ਲੋੜ ਹੈ।
ਭਾਰਤ ਨੂੰ ਪਹਿਲਾ ਝਟਕਾ ਸਿਰਫ਼ ਇੱਕ ਦੌੜ ਦੇ ਸਕੋਰ ’ਤੇ ਲੱਗਿਆ, ਜਦੋਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਨੇ ਪਾਰੀ ਨੂੰ ਸੰਭਾਲਿਆ ਅਤੇ ਦੂਜੀ ਵਿਕਟ ਲਈ 50 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ। ਖੇਡ ਰੁਕਣ ਸਮੇਂ ਵਿਰਾਟ ਕੋਹਲੀ 27 ਗੇਂਦਾਂ ਵਿੱਚ 29 ਦੌੜਾਂ ਅਤੇ ਸ਼ੁਭਮਨ ਗਿੱਲ 32 ਗੇਂਦਾਂ ਵਿੱਚ 17 ਦੌੜਾਂ ਬਣਾ ਕੇ ਖੇਡ ਰਹੇ ਸਨ।
ਨਿਊਜ਼ੀਲੈਂਡ ਦੀ ਪਾਰੀ 185 ਦੌੜਾਂ ’ਤੇ ਸਿਮਟੀ
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ 40.2 ਓਵਰਾਂ ਵਿੱਚ 185 ਦੌੜਾਂ ਬਣਾ ਕੇ ਆਲਆਊਟ ਹੋ ਗਈ। ਇੱਕ ਸਮੇਂ ਨਿਊਜ਼ੀਲੈਂਡ ਦਾ ਸਕੋਰ 9 ਵਿਕਟਾਂ ’ਤੇ 146 ਦੌੜਾਂ ਸੀ, ਪਰ ਆਖਰੀ ਬੱਲੇਬਾਜ਼ ਬਲੇਅਰ ਟਿਕਨਰ ਨੇ ਤੂਫ਼ਾਨੀ ਪਾਰੀ ਖੇਡ ਕੇ ਟੀਮ ਨੂੰ 180 ਦੌੜਾਂ ਤੋਂ ਪਾਰ ਪਹੁੰਚਾਇਆ। ਟਿਕਨਰ ਨੇ 23 ਗੇਂਦਾਂ ਵਿੱਚ ਇੱਕ ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ। ਉਨ੍ਹਾਂ ਨੇ ਜੈਕਬ ਡਫੀ ਨਾਲ 10ਵੀਂ ਵਿਕਟ ਲਈ ਸਿਰਫ਼ 31 ਗੇਂਦਾਂ ਵਿੱਚ 39 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਟਿਕਨਰ ਨੂੰ ਗੁਰਨੂਰ ਬਰਾੜ ਨੇ ਵਿਕਟਕੀਪਰ ਰਾਹੁਲ ਹੱਥੋਂ ਕੈਚ ਕਰਵਾ ਕੇ ਆਊਟ ਕੀਤਾ, ਜਦਕਿ ਡਫੀ 15 ਦੌੜਾਂ ਬਣਾ ਕੇ ਨਾਬਾਦ ਰਹੇ।
ਸਿਰਫ਼ ਪੰਜ ਬੱਲੇਬਾਜ਼ ਦਹਾਈ ਦਾ ਅੰਕੜਾ ਛੂਹ ਸਕੇ
ਨਿਊਜ਼ੀਲੈਂਡ ਵੱਲੋਂ ਟਿਮ ਸਾਈਫਰਟ ਨੇ 43 ਗੇਂਦਾਂ ਵਿੱਚ 38 ਦੌੜਾਂ, ਡੈਰਿਲ ਮਿਚੇਲ ਨੇ 41 ਗੇਂਦਾਂ ਵਿੱਚ 28 ਦੌੜਾਂ ਅਤੇ ਗਲੇਨ ਫਿਲਿਪਸ ਨੇ 51 ਗੇਂਦਾਂ ਵਿੱਚ 30 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਟਿਕਨਰ ਅਤੇ ਡਫੀ ਹੀ ਦਹਾਈ ਦਾ ਅੰਕੜਾ ਪਾਰ ਕਰ ਸਕੇ। ਹੋਰ ਬੱਲੇਬਾਜ਼ਾਂ ਵਿੱਚ ਵਿਲ ਯੰਗ ਨੇ 9, ਹੈਨਰੀ ਨਿਕੋਲਸ ਨੇ 9, ਟੌਮ ਲੈਥਮ ਨੇ 3, ਮਿਚੇਲ ਸੈਂਟਨਰ ਨੇ 4, ਨਾਥਨ ਸਮਿਥ ਨੇ 1 ਅਤੇ ਕਾਇਲ ਜੈਮੀਸਨ ਨੇ 1 ਦੌੜ ਬਣਾਈ।
ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ
ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਹਾਸਲ ਕੀਤੀਆਂ। ਗੁਰਨੂਰ ਬਰਾੜ ਨੇ 3, ਜਦਕਿ ਅੰਸ਼ੁਲ ਕੰਬੋਜ ਨੇ 2 ਵਿਕਟਾਂ ਲਈਆਂ। ਭਾਰਤੀ ਗੇਂਦਬਾਜ਼ਾਂ ਦੇ ਇਸ ਪ੍ਰਦਰਸ਼ਨ ਸਦਕਾ ਨਿਊਜ਼ੀਲੈਂਡ ਦੀ ਪੂਰੀ ਟੀਮ 185 ਦੌੜਾਂ ’ਤੇ ਸਿਮਟ ਗਈ।























