ਭਲਕੇ ‘ਪੰਜਾਬ ਬੰਦ’ ਦੀ ਕਾਲ: ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਆਵਾਜਾਈ ਰਹੇਗੀ ਪ੍ਰਭਾਵਿਤ
– ਚੰਡੀਗੜ੍ਹ – ਮੋਹਾਲੀ ਦੇ ਸਕੂਲਾਂ ਚ ਐਲਾਨੀ ਗਈ ਛੁੱਟੀ
– 21 ਅਗਸਤ ਨੂੰ ਕੀ-ਕੀ ਖੁੱਲ੍ਹੇਗਾ ਤੇ ਕੀ-ਕੀ ਰਹੇਗਾ ਬੰਦ? ਪੜੋ ਸਾਰੀ Detail
ਚੰਡੀਗੜ੍ਹ, 20 ਅਗਸਤ 2026 (ਵਿਸ਼ਵ ਵਾਰਤਾ): ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰਨ ਦੇ ਬਾਵਜੂਦ ਲੰਮੇ ਸਮੇਂ ਤੋਂ ਬੰਦ ਸਿੱਖਾਂ ਦੀ ਰਿਹਾਈ, ਪੈਰੋਲ ਦੇ ਅਧਿਕਾਰ ਅਤੇ 15 ਅਗਸਤ ਨੂੰ ਸ਼ਾਂਤਮਈ ਰੋਸ ਮਾਰਚ ਦੌਰਾਨ ਸੰਗਤ ‘ਤੇ ਹੋਈ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਕੌਮੀ ਇਨਸਾਫ਼ ਮੋਰਚੇ ਨੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।
ਆਗੂਆਂ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ 83 ਸਾਲਾ ਬਜ਼ੁਰਗ ਮਾਂ ਦੀ ਗੰਭੀਰ ਹਾਲਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਮਿਲਣ ਅਤੇ ਉਸ ਨੂੰ ਗਲ਼ੇ ਲਗਾਉਣ ਲਈ ਆਖਰੀ ਸਮੇਂ ਇੰਤਜ਼ਾਰ ਕਰ ਰਹੀ ਹੈ। ਮੋਰਚੇ ਨੇ ਇਸ ਨੂੰ ਮਨੁੱਖੀ ਅਤੇ ਸੰਵਿਧਾਨਕ ਅਧਿਕਾਰਾਂ ਨਾਲ ਜੁੜਿਆ ਗੰਭੀਰ ਮੁੱਦਾ ਦੱਸਿਆ।
ਮੋਰਚੇ ਦੇ ਆਗੂਆਂ ਨੇ ਜਲੰਧਰ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਕਿ ਇਹ ਬੰਦ 21 ਅਗਸਤ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ। ਇਸ ਦੌਰਾਨ ਸਕੂਲ, ਕਾਲਜ, ਬਾਜ਼ਾਰ, ਵਪਾਰਕ ਅਦਾਰੇ ਅਤੇ ਹਾਈਵੇਅ ‘ਤੇ ਆਮ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ, ਜਦਕਿ ਐਂਬੂਲੈਂਸ, ਹਸਪਤਾਲ ਅਤੇ ਫਾਇਰ ਬ੍ਰਿਗੇਡ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਹੈ।
ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਕੌਮੀ ਇਨਸਾਫ਼ ਮੋਰਚੇ ਦੇ ਕੋਆਰਡੀਨੇਟਰ ਭਾਈ ਪਾਲ ਸਿੰਘ ਅਤੇ ਵੱਖ-ਵੱਖ ਪੰਥਕ, ਕਿਸਾਨ ਤੇ ਦਲਿਤ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਅਤੇ ਰਾਜ ਸਰਕਾਰ ਦੇ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਮੋਰਚੇ ਨੇ ਪੰਜਾਬ ਦੇ ਵਪਾਰ ਮੰਡਲਾਂ, ਟਰਾਂਸਪੋਰਟ ਯੂਨੀਅਨਾਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਮੁਲਾਜ਼ਮਾਂ ਅਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਤ-ਪਾਤ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਦੁਪਹਿਰ 2 ਵਜੇ ਤੱਕ ਆਪਣੇ ਕੰਮਕਾਜ ਅਤੇ ਵਾਹਨ ਬੰਦ ਰੱਖ ਕੇ ਇਸ ਸੰਘਰਸ਼ ਦਾ ਸਮਰਥਨ ਕਰਨ।
ਦੱਸ ਦਈਏ ਕਿ ਕੌਮੀ ਮੋਰਚੇ ਦੇ ਇਸ ਬੰਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਕਾਲੀ ਦਲ (ਵਾਰਿਸ ਪੰਜਾਬ ਦੇ), ਦਲ ਖ਼ਾਲਸਾ, ਹਵਾਰਾ ਕਮੇਟੀ ਸਮੇਤ ਵੱਖ-ਵੱਖ ਪੰਥਕ, ਕਿਸਾਨ-ਮਜ਼ਦੂਰ ਅਤੇ ਸਮਾਜਿਕ ਜਥੇਬੰਦੀਆਂ ਦਾ ਸਮਰਥਨ ਮਿਲਿਆ ਹੈ। SGPC ਨੇ ਆਪਣੇ ਸਾਰੇ ਵਿਦਿਅਕ ਅਦਾਰਿਆਂ ਅਤੇ ਦਫ਼ਤਰਾਂ ਨੂੰ 21 ਅਗਸਤ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਮੋਹਾਲੀ ਦੇ ਕਈ ਨਿੱਜੀ ਸਕੂਲਾਂ ਵਿੱਚ ਵੀ ਕੱਲ੍ਹ ਦੀ ਛੁੱਟੀ ਐਲਾਨ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















