ਬ੍ਰਿਕਸ ਦੇਸ਼ਾਂ ਦੇ ਸੰਚਾਰ ਮੰਤਰੀਆਂ ਦੀ 12ਵੀਂ ਬੈਠਕ ਭਲਕੇ
ਕੇਂਦਰੀ ਸੰਚਾਰ ਮੰਤਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਕਰਨਗੇ ਬੈਠਕ ਦੀ ਪ੍ਰਧਾਨਗੀ
ਨਵੀ ਦਿੱਲੀ, 20 ਅਗਸਤ 2026 (ਵਿਸ਼ਵ ਵਾਰਤਾ): ਭਾਰਤ, ਬ੍ਰਿਕਸ ਦੀ ਆਪਣੀ ਪ੍ਰਧਾਨਗੀ ਹੇਠ 21 ਅਗਸਤ 2026 ਨੂੰ ਬ੍ਰਿਕਸ ਦੇਸ਼ਾਂ ਦੇ ਸੰਚਾਰ ਮੰਤਰੀਆਂ ਦੀ 12ਵੀਂ ਬੈਠਕ ਦੀ ਮੇਜ਼ਬਾਨੀ ਕਰੇਗਾ। ਇਸ ਬੈਠਕ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ ਦੇ ਸੰਚਾਰ ਮੰਤਰੀ ਅਤੇ ਸੀਨੀਅਰ ਪ੍ਰਤੀਨਿਧੀ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈਸੀਟੀ), ਡਿਜੀਟਲ ਪਰਿਵਰਤਨ, ਨਵੀਨਤਾ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕਠੇ ਹੋਣਗੇ।ਕੇਂਦਰੀ ਸੰਚਾਰ ਮੰਤਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਬ੍ਰਿਕਸ ਦੇਸ਼ਾਂ ਦੇ ਸੰਚਾਰ ਮੰਤਰੀਆਂ ਦੀ 12ਵੀਂ ਬੈਠਕ ਦੀ ਪ੍ਰਧਾਨਗੀ ਕਰਨਗੇ।
ਇਹ ਬੈਠਕ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੇ ਮੁੱਖ ਵਿਸ਼ੇ “ਮਜ਼ਬੂਤੀ, ਨਵੀਨਤਾ, ਸਹਿਯੋਗ ਅਤੇ ਨਿਰੰਤਰਤਾ ਲਈ ਨਿਰਮਾਣ” ਅਤੇ ਆਈਸੀਟੀ ਟ੍ਰੈਕ ਦੇ ਵਿਸ਼ੇ “ਮਜ਼ਬੂਤ ਭਵਿੱਖ ਲਈ ਨਵੀਨਤਾ, ਸਹਿਯੋਗ ਅਤੇ ਪਰਿਵਰਤਨ” ਅਧੀਨ ਆਯੋਜਿਤ ਕੀਤੀ ਜਾ ਰਹੀ ਹੈ। ਇਹ ਤਰਜੀਹਾਂ ਸਮਾਵੇਸ਼ੀ, ਸੁਰੱਖਿਅਤ ਅਤੇ ਟਿਕਾਊ ਡਿਜੀਟਲ ਵਿਕਾਸ ਨੂੰ ਹੁਲਾਰਾ ਦੇਣ ਅਤੇ ਬ੍ਰਿਕਸ ਦੇਸ਼ਾਂ ਦਰਮਿਆਨ ਤਕਨਾਲੋਜੀ ਸਹਿਯੋਗ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
ਬ੍ਰਿਕਸ ਦੇਸ਼ਾਂ ਦੇ ਸੰਚਾਰ ਮੰਤਰੀਆਂ ਦੀ 12ਵੀਂ ਬੈਠਕ ਵਿੱਚ ਨਵੀਆਂ ਤਕਨਾਲੋਜੀਆਂ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਭਵਿੱਖ ਦੇ ਨੈੱਟਵਰਕ, ਸਾਈਬਰ ਸੁਰੱਖਿਆ, ਸਮਰੱਥਾ ਨਿਰਮਾਣ ਅਤੇ ਸਮਾਵੇਸ਼ੀ ਡਿਜੀਟਲ ਕਨੈਕਟੀਵਿਟੀ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲੇਗਾ।
ਭਾਰਤ ਨੇ ਬ੍ਰਿਕਸ ਦੀ ਪ੍ਰਧਾਨਗੀ ਦੌਰਾਨ ਮਜ਼ਬੂਤ ਬੁਨਿਆਦੀ ਢਾਂਚੇ, ਭਵਿੱਖ ਦੇ ਨੈੱਟਵਰਕ, ਸਾਈਬਰ ਸੁਰੱਖਿਆ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਨਵੀਨਤਾ ਨੂੰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਦੂਰਸੰਚਾਰ ਵਿਭਾਗ ਨੇ ਬ੍ਰਿਕਸ ਵਰਕਿੰਗ ਗਰੁੱਪ ਦੇ ਤਹਿਤ ਸੂਚਨਾ ਅਤੇ ਸੰਚਾਰ ਤਕਨਾਲੋਜੀ ਸਹਿਯੋਗ ਸਬੰਧੀ ਚਰਚਾਵਾਂ ਦੀ ਅਗਵਾਈ ਵੀ ਕੀਤੀ ਹੈ, ਜਿਸ ਵਿੱਚ ਪ੍ਰਸਤਾਵਿਤ ਬ੍ਰਿਕਸ ਸਮਰੱਥਾ ਨਿਰਮਾਣ ਕੇਂਦਰ ਅਤੇ ਉਭਰ ਰਹੀਆਂ ਤਕਨਾਲੋਜੀਆਂ ਵਿੱਚ ਬਿਹਤਰ ਸਹਿਯੋਗ ਸ਼ਾਮਲ ਹਨ।
ਇਹ ਬੈਠਕ 2025 ਵਿੱਚ ਬ੍ਰਾਜੀਲ ਦੀ ਬ੍ਰਿਕਸ ਪ੍ਰਧਾਨਗੀ ਹੇਠ ਆਯੋਜਿਤ 11ਵੀਂ ਬ੍ਰਿਕਸ ਸੰਚਾਰ ਮੰਤਰੀਆਂ ਦੀ ਬੈਠਕ ਦੌਰਾਨ ਪਛਾਣੇ ਗਏ ਨਤੀਜਿਆਂ ਅਤੇ ਸਹਿਯੋਗ ਦੇ ਖੇਤਰਾਂ ‘ਤੇ ਵੀ ਅਧਾਰਿਤ ਹੋਵੇਗੀ। ਪਿਛਲੀ ਬੈਠਕ ਵਿੱਚ ਸੂਚਨਾ ਅਤੇ ਸੰਚਾਰ ਤਕਨਾਲੋਜੀ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਤੇ ਗਲੋਬਲ ਡਿਜੀਟਲ ਗਵਰਨੈਂਸ ਵਿੱਚ ਬ੍ਰਿਕਸ ਮੈਂਬਰਾਂ ਦਰਮਿਆਨ ਨਿਰੰਤਰ ਸਹਿਯੋਗ ਦੇ ਮਹੱਤਵ ਦੀ ਪੁਸ਼ਟੀ ਕੀਤੀ ਗਈ ਸੀ।
ਕੇਂਦਰੀ ਮੰਤਰੀ ਡਿਜੀਟਲ ਬ੍ਰਿਕਸ ਫੋਰਮ ਐਕਸਪੋ ਦਾ ਵੀ ਦੌਰਾ ਕਰਨਗੇ, ਜਿੱਥੇ ਬ੍ਰਿਕਸ ਈਕੋਸਿਸਟਮ ਨਾਲ ਸਬੰਧਿਤ ਡਿਜੀਟਲ ਤਕਨਾਲੋਜੀਆਂ, ਨਵੀਨਤਾਵਾਂ ਅਤੇ ਸਮਾਧਾਨਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਐਕਸਪੋ ਭਾਰਤ ਦੀਆਂ ਤਕਨੀਕੀ ਸਮਰੱਥਾਵਾਂ ਨੂੰ ਉਜਾਗਰ ਕਰਨ ਅਤੇ ਭਾਈਵਾਲ ਦੇਸ਼ਾਂ ਅਤੇ ਹਿਤਧਾਰਕਾਂ ਦਰਮਿਆਨ ਵਧੇਰੇ ਸੰਵਾਦ ਅਤੇ ਗਿਆਨ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਦਾ ਮੌਕਾ ਪ੍ਰਦਾਨ ਕਰੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















