ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ: 17 ਖਿਡਾਰੀਆਂ ਨੂੰ ਮਿਲੇਗਾ ਅਰਜੁਨ ਐਵਾਰਡ
ਨਵੀ ਦਿੱਲੀ, 18 ਅਗਸਤ 2026 (ਵਿਸ਼ਵ ਵਾਰਤਾ)– ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਅੱਜ ਰਾਸ਼ਟਰੀ ਖੇਡ ਪੁਰਸਕਾਰ 2025 ਦਾ ਐਲਾਨ ਕਰ ਦਿੱਤਾ ਹੈ ਪਰ ਇਸ ਵਾਰ ਦੇਸ਼ ਦੇ ਸਰਵਉੱਚ ਖੇਡ ਸਨਮਾਨ ਮੇਜਰ ਧਿਆਨਚੰਦ ਖੇਲ ਰਤਨ ਲਈ ਕਿਸੇ ਖਿਡਾਰੀ ਦੀ ਚੋਣ ਨਹੀਂ ਕੀਤੀ ਗਈ। ਦੂਜੇ ਪਾਸੇ, 17 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ, ਜਦਕਿ ਇੱਕ ਖਿਡਾਰੀ ਨੂੰ ਲਾਈਫਟਾਈਮ ਅਰਜੁਨ ਪੁਰਸਕਾਰ ਮਿਲਿਆ ਹੈ।
ਅਰਜੁਨ ਐਵਾਰਡ ਤੋਂ ਇਲਾਵਾ ਤਿੰਨ ਕੋਚਾਂ ਨੂੰ ਦ੍ਰੋਣਾਚਾਰਿਆ ਪੁਰਸਕਾਰ ਲਈ ਚੁਣਿਆ ਗਿਆ ਹੈ। ਸੁਪਰੀਮ ਕੋਰਟ ਦੇ ਸਾਬਕਾ ਜਸਟਿਸ (ਸੇਵਾਮੁਕਤ) ਅਰੁਣ ਕੁਮਾਰ ਮਿਸ਼ਰਾ ਦੀ ਅਗਵਾਈ ਵਾਲੀ ਚੋਣ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ, ਸਰਕਾਰ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਖਿਡਾਰੀਆਂ, ਕੋਚਾਂ ਅਤੇ ਸੰਸਥਾਵਾਂ ਨੂੰ ਐਵਾਰਡ ਦੇਣ ਦਾ ਫੈਸਲਾ ਕੀਤਾ ਹੈ।
ਅਰਜੁਨ ਪੁਰਸਕਾਰ 2025 ਲਈ ਤੇਜਸਵਿਨ ਸ਼ੰਕਰ (ਅਥਲੈਟਿਕਸ), ਮੁਹੰਮਦ ਅਜਮਲ ਵੀ (ਅਥਲੈਟਿਕਸ), ਪ੍ਰਿਯੰਕਾ ਗੋਸਵਾਮੀ (ਅਥਲੈਟਿਕਸ), ਤ੍ਰੀਸਾ ਜੌਲੀ (ਬੈਡਮਿੰਟਨ), ਪੁਲੇਲਾ ਗਾਯਤਰੀ ਗੋਪੀਚੰਦ (ਬੈਡਮਿੰਟਨ), ਨਰੇਂਦਰ (ਬਾਕਸਿੰਗ), ਵਿਦਿਤ ਗੁਜਰਾਤੀ (ਸ਼ਤਰੰਜ), ਦਿਵਿਆ ਦੇਸ਼ਮੁਖ (ਸ਼ਤਰੰਜ), ਧਨੁਸ਼ ਸ਼੍ਰੀਕਾਂਤ (ਬਾਧਿਰ ਸ਼ੂਟਿੰਗ), ਲਾਲਰੇਮਸੀਆਮੀ (ਹਾਕੀ), ਰਾਜਕੁਮਾਰ ਪਾਲ (ਹਾਕੀ), ਸੁਰਜੀਤ (ਕਬੱਡੀ), ਪੂਜਾ (ਕਬੱਡੀ), ਰੁਦ੍ਰਾਂਸ਼ ਖੰਡੇਲਵਾਲ (ਪੈਰਾ-ਸ਼ੂਟਿੰਗ), ਏਕਤਾ ਭਿਆਨ (ਪੈਰਾ ਅਥਲੈਟਿਕਸ), ਅਰਵਿੰਦ ਸਿੰਘ (ਰੋਇੰਗ), ਅਤੇ ਅਖਿਲ ਸ਼ਿਓਰਾਨ (ਸ਼ੂਟਿੰਗ) ਦੇ ਨਾਂ ਚੁਣੇ ਗਏ ਹਨ। ਅਰਜੁਨ ਪੁਰਸਕਾਰ ਖੇਡਾਂ ਦੇ ਖੇਤਰ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਬਿਹਤਰੀਨ ਪ੍ਰਦਰਸ਼ਨ, ਅਗਵਾਈ, ਖੇਡ-ਭਾਵਨਾ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ।
ਦ੍ਰੋਣਾਚਾਰਿਆ ਐਵਾਰਡ 2025, ਪਰਵੀਰ ਸਿੰਘ (ਅਥਲੈਟਿਕਸ), ਛੋਟੇ ਲਾਲ ਯਾਦਵ (ਬਾਕਸਿੰਗ), ਅਤੇ ਨੇਹਾ ਨੰਦਕੁਮਾਰ ਚਵਾਨ (ਸ਼ੂਟਿੰਗ) ਨੂੰ ਚੁਣਿਆ ਗਿਆ ਹੈ। ਦ੍ਰੋਣਾਚਾਰਿਆ ਐਵਾਰਡ ਉਨ੍ਹਾਂ ਕੋਚਾਂ ਨੂੰ ਦਿੱਤਾ ਜਾਂਦਾ ਹੈ ਜੋ ਲਗਾਤਾਰ ਬਿਹਤਰੀਨ ਅਤੇ ਕਾਬਲੀਅਤ ਭਰਿਆ ਕੰਮ ਕਰਦੇ ਹਨ ਅਤੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਿੱਚ ਮਦਦ ਕਰਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























