Cricket: ਰੋਹਿਤ ਸ਼ਰਮਾ ਦੇ 2027 ਵਨਡੇ ਵਿਸ਼ਵ ਕੱਪ ਖੇਡਣ ਨੂੰ ਲੈ ਕੇ BCCI ’ਚ ਅੰਦਰੂਨੀ ਮਤਭੇਦ ਦੀਆਂ ਰਿਪੋਰਟਾਂ !
ਮੁੰਬਈ, 16 ਅਗਸਤ (ਵਿਸ਼ਵ ਵਾਰਤਾ) – ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦੇ 2027 ਵਨਡੇ ਵਿਸ਼ਵ ਕੱਪ ਵਿੱਚ ਖੇਡਣ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਅੰਦਰ ਹੀ ਮਤਭੇਦ ਸਾਹਮਣੇ ਆਉਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। BCCI ਦੇ ਸਕੱਤਰ ਦੇਵਜੀਤ ਸੈਕੀਆ ਨੇ ਇੰਗਲੈਂਡ ਖ਼ਿਲਾਫ਼ ਲਾਰਡਜ਼ ਵਨਡੇ ਤੋਂ ਪਹਿਲਾਂ ਕਿਹਾ ਸੀ ਕਿ ਰੋਹਿਤ ਭਾਰਤੀ ਟੀਮ ਦੀਆਂ ਯੋਜਨਾਵਾਂ ਦਾ ਹਿੱਸਾ ਹਨ, ਉਹ ਟੀਮ ਇੰਡੀਆ ਦੀ ਨੁਮਾਇੰਦਗੀ ਕਰਦੇ ਰਹਿਣਗੇ। ਹਾਲਾਂਕਿ, ਰਿਪੋਰਟਾਂ ਮੁਤਾਬਕ ਚੋਣਕਾਰ ਉਨ੍ਹਾਂ ਦੇ ਇਸ ਬਿਆਨ ਤੋਂ ਖੁਸ਼ ਨਹੀਂ ਹਨ।
‘ਦ ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਇੰਗਲੈਂਡ ਸੀਰੀਜ਼ ਦੌਰਾਨ ਇਹ ਚਰਚਾ ਸਾਹਮਣੇ ਆਈ ਸੀ ਕਿ ਲਾਰਡਜ਼ ਵਨਡੇ ਰੋਹਿਤ ਦੇ ਕਰੀਅਰ ਦਾ ਆਖਰੀ ਮੈਚ ਹੋ ਸਕਦਾ ਹੈ। ਚੋਣਕਾਰਾਂ ਨੇ ਪਹਿਲਾਂ ਹੀ ਰੋਹਿਤ ਨੂੰ ਟੀਮ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇ ਦਿੱਤੀ ਸੀ ਅਤੇ ਇੰਗਲੈਂਡ ਸੀਰੀਜ਼ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਕਿਸੇ ਨੌਜਵਾਨ ਖਿਡਾਰੀ ਨੂੰ ਮੌਕਾ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਸੀ। ਇਸੇ ਦੌਰਾਨ BCCI ਸਕੱਤਰ ਦੇਵਜੀਤ ਸੈਕੀਆ ਦੇ ਬਿਆਨ ਤੋਂ ਚੋਣਕਾਰਾਂ ਵਿੱਚ ਨਾਰਾਜ਼ਗੀ ਦੀ ਗੱਲ ਸਾਹਮਣੇ ਆਈ ਹੈ।
ਰੋਹਿਤ ਸ਼ਰਮਾ ਪਹਿਲਾਂ ਹੀ ਟੀ-20 ਅਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਉਹ ਵਨਡੇ ਕ੍ਰਿਕਟ ਵਿੱਚ ਖੇਡਣਾ ਜਾਰੀ ਰੱਖਣਾ ਚਾਹੁੰਦੇ ਹਨ। ਦੂਜੇ ਪਾਸੇ, ਰਿਪੋਰਟਾਂ ਅਨੁਸਾਰ ਚੋਣ ਕਮੇਟੀ ਚਾਹੁੰਦੀ ਹੈ ਕਿ 2027 ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦਿਆਂ ਟੀਮ ਵਿੱਚ ਨੌਜਵਾਨ ਖਿਡਾਰੀਆਂ ਨੂੰ ਲਗਾਤਾਰ ਮੌਕੇ ਦਿੱਤੇ ਜਾਣ।
ਇਸ ਪੂਰੇ ਮਾਮਲੇ ਵਿਚਕਾਰ ਭਾਰਤੀ ਟੀਮ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਦਾ ਕਾਰਜਕਾਲ ਵੀ ਸਤੰਬਰ ਵਿੱਚ ਖ਼ਤਮ ਹੋਣ ਜਾ ਰਿਹਾ ਹੈ। BCCI ਵੱਲੋਂ ਜਲਦ ਹੀ ਅਗਰਕਰ ਨਾਲ ਮੀਟਿੰਗ ਕੀਤੇ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਨਿਯਮਾਂ ਮੁਤਾਬਕ ਅਗਰਕਰ ਇੱਕ ਸਾਲ ਦੇ ਐਕਸਟੈਂਸ਼ਨ ਲਈ ਯੋਗ ਹਨ। ਹਾਲਾਂਕਿ, ਜੇਕਰ ਉਨ੍ਹਾਂ ਨੂੰ ਐਕਸਟੈਂਸ਼ਨ ਮਿਲ ਵੀ ਜਾਂਦਾ ਹੈ ਤਾਂ ਵੀ 2027 ਵਨਡੇ ਵਿਸ਼ਵ ਕੱਪ ਤੱਕ ਉਨ੍ਹਾਂ ਦਾ ਮੁੱਖ ਚੋਣਕਾਰ ਬਣੇ ਰਹਿਣਾ ਸੰਭਵ ਨਹੀਂ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















