“ਮੇਰੀ ਟਿੱਪਣੀ ਦਾ ਗਲਤ….” ‘ਕਾਕਰੋਚ’ ਵਿਵਾਦ ‘ਤੇ CJI ਸੂਰਿਆ ਕਾਂਤ ਦਾ ਵੱਡਾ ਬਿਆਨ
ਨਵੀ ਦਿੱਲੀ, 13 ਅਗਸਤ (ਵਿਸ਼ਵ ਵਾਰਤਾ): ਚੀਫ਼ ਜਸਟਿਸ ਸੂਰਿਆ ਕਾਂਤ ਨੇ ਆਪਣੇ ਕਾਕਰੋਚ ਵਾਲੇ ਬਿਆਨ ‘ਤੇ ਇੱਕ ਵਾਰ ਫਿਰ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਅਤੇ ਦੇਸ਼ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਦੁਰਵਰਤੋਂ ਕੀਤੀ ਗਈ।
ਕਾਕਰੋਚ ਵਿਵਾਦ ‘ਤੇ ਭਾਰਤ ਦੇ ਚੀਫ਼ ਜਸਟਿਸ (CJI) ਸੂਰਿਆ ਕਾਂਤ ਨੇ ਕਿਹਾ, ‘ਮੇਰੀ ਟਿੱਪਣੀ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਦੇਸ਼ ਦੇ ਨੌਜਵਾਨਾਂ ਨੂੰ ਭਟਕਾਉਣ ਲਈ ਇਸ ਦੀ ਵਰਤੋਂ ਕੀਤੀ ਗਈ।’ਉਨ੍ਹਾਂ ਨੇ ਕਿਹਾ, ‘ਅਦਾਲਤੀ ਕਾਰਵਾਈ ਦੀ ਕਲਿੱਪ ਵਾਇਰਲ ਕੀਤੀ ਗਈ। ਜੋ ਗੱਲ ਕਹੀ ਹੀ ਨਹੀਂ ਗਈ, ਉਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ।’CJI ਦਾ ਬਿਆਨ ਅਜਿਹੇ ਸਮੇਂ ਆਇਆ ਜਦੋਂ ਕਾਕਰੋਚ ਜਨਤਾ ਪਾਰਟੀ ਦਾ ਅੰਦੋਲਨ ਖ਼ਤਮ ਹੋ ਗਿਆ ਹੈ ਅਤੇ ਉਹ ਜੰਤਰ-ਮੰਤਰ 2.0 ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਦਰਅਸਲ ਜਸਟਿਸ ਸੂਰਿਆ ਕਾਂਤ ਨੇ 15 ਮਈ ਨੂੰ ਸੁਪਰੀਮ ਕੋਰਟ ਵਿੱਚ ਇੱਕ ਮਾਮਲੇ ਦੀ ਸੁਣਵਾਈ ਦੌਰਾਨ, ਫ਼ਰਜ਼ੀ ਡਿਗਰੀ ਵਾਲੇ ਕੁਝ ਵਿਅਕਤੀਆਂ ਦੀ ਤੁਲਨਾ “ਕਾਕਰੋਚ” ਨਾਲ ਕੀਤੀ ਸੀ। ਇਸ ਤੋਂ ਬਾਅਦ ਅਭੀਜੀਤ ਦੀਪਕੇ ਨੇ ਸੋਸ਼ਲ ਮੀਡੀਆ ‘ਤੇ ਕਾਕਰੋਚ ਜਨਤਾ ਪਾਰਟੀ ਬਣਾਈ ਸੀ।
ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਉਨ੍ਹਾਂ ਨਾਲ ਜੋ ਹੋਇਆ, ਉਹ ਬਹੁਤ ਮੰਦਭਾਗਾ ਸੀ ਅਤੇ ਉਹ ਕਦੇ ਅਜਿਹਾ ਸੋਚ ਵੀ ਨਹੀਂ ਸਕਦੇ ਸਨ, ਜਿਸ ਤਰ੍ਹਾਂ ਉਨ੍ਹਾਂ ਦੀ ਟਿੱਪਣੀ ਨੂੰ ਪੇਸ਼ ਕੀਤਾ ਗਿਆ। ਜਸਟਿਸ ਸੂਰਿਆ ਕਾਂਤ ਨੇ ਕਿਹਾ, ‘ਨਿਆਇਕ ਕਾਰਵਾਈ ਵਿੱਚ ਪਾਰਦਰਸ਼ਤਾ ਜ਼ਰੂਰੀ ਹੈ, ਪਰ ਇਸ ਦਾ ਵਪਾਰਕ ਫ਼ਾਇਦਾ ਨਹੀਂ ਉਠਾਇਆ ਜਾਣਾ ਚਾਹੀਦਾ। ਨਿਆਪਾਲਿਕਾ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਇਸੇ ਲਈ ਅਸੀਂ ਸੁਪਰੀਮ ਕੋਰਟ ਵਿੱਚ ਲਾਈਵ ਸਟ੍ਰੀਮਿੰਗ ਸ਼ੁਰੂ ਕੀਤੀ। ਪਰ ਲਾਈਵ ਸਟ੍ਰੀਮਿੰਗ ਦੀ ਗਲਤ ਵਰਤੋਂ ਨਹੀਂ ਹੋਣੀ ਚਾਹੀਦੀ।’
ਉਨ੍ਹਾਂ ਨੇ ਕਿਹਾ, ‘ਖ਼ਾਸ ਤੌਰ ‘ਤੇ ਇਸ ਦੀ ਵਪਾਰਕ ਵਰਤੋਂ ਨਹੀਂ ਹੋਣੀ ਚਾਹੀਦੀ। ਲੋਕ ਛੋਟੀਆਂ-ਛੋਟੀਆਂ ਕਲਿੱਪਾਂ ਆਪਣੇ ਨਿੱਜੀ ਫ਼ਾਇਦੇ ਅਤੇ ਵਪਾਰਕ ਲਾਭ ਲਈ ਗਲਤ ਤਰੀਕੇ ਨਾਲ ਵਰਤਦੇ ਹਨ। ਇਹ ਬੰਦ ਹੋਣਾ ਚਾਹੀਦਾ ਹੈ।’
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























