ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ
– ਕੀਰ ਸਟਾਰਮਰ ਦੇ ਅਸਤੀਫ਼ੇ ਤੋਂ ਬਾਅਦ ਸੰਭਾਲੀ ਕਮਾਨ
ਇੰਗਲੈਂਡ , 20 ਜੁਲਾਈ (ਵਿਸ਼ਵ ਵਾਰਤਾ) – ਐਂਡੀ ਬਰਨਹੈਮ ਨੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅੱਜ ਅਹੁਦਾ ਸੰਭਾਲਿਆ। ‘ਕਿੰਗ ਆਫ਼ ਦ ਨੌਰਥ’ ਦੇ ਨਾਂ ਨਾਲ ਮਸ਼ਹੂਰ ਐਂਡੀ ਬਰਨਹੈਮ, ਕੀਰ ਸਟਾਰਮਰ ਦੇ ਅਸਤੀਫ਼ੇ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਸਨ।ਬ੍ਰਿਟੇਨ ਵਿੱਚ ਚੱਲ ਰਹੀ ਸਿਆਸੀ ਹਲਚਲ ਦਰਮਿਆਨ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਨੂੰ ਆਪਣਾ ਸੱਤਵਾਂ ਪ੍ਰਧਾਨ ਮੰਤਰੀ ਮਿਲ ਗਿਆ ਹੈ।
ਲੇਬਰ ਪਾਰਟੀ ਦੇ ਦਿੱਗਜ ਨੇਤਾ ਐਂਡੀ ਬਰਨਹੈਮ ਨੂੰ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਹੀ ਪਾਰਟੀ ਦਾ ਨਵਾਂ ਮੁਖੀ ਚੁਣ ਲਿਆ ਗਿਆ ਸੀ। ਲੇਬਰ ਪਾਰਟੀ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ (NEC) ਦੀ ਚੇਅਰ ਸ਼ਬਾਨਾ ਮਹਿਮੂਦ ਨੇ ਲੰਡਨ ਵਿੱਚ ਪਾਰਟੀ ਦੀ ਇੱਕ ਵਿਸ਼ੇਸ਼ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਇੱਕ ਹੀ ਸੰਸਦ ਮੈਂਬਰ ਨਾਮਜ਼ਦ ਹੋਇਆ ਸੀ, ਇਸ ਲਈ ਮੁਕਾਬਲਾ ਆਸਾਨ ਰਿਹਾ। ਦੂਜੇ ਪਾਸੇ, ਬਰਨਹੈਮ ਨੇ ਲੇਬਰ ਪਾਰਟੀ ਦਾ ਨੇਤਾ ਚੁਣੇ ਜਾਣ ਨੂੰ ਪਿਛਲੇ 40 ਸਾਲਾਂ ਵਿੱਚ ਦੇਸ਼ ਦੀ ਰਾਜਨੀਤੀ ਦਾ ਸਭ ਤੋਂ ਵੱਡਾ ਬਦਲਾਅ ਦੱਸਿਆ ਸੀ।
ਉਨ੍ਹਾਂ ਨੇ ਦੇਸ਼ ਦੀ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਵਿਵਸਥਾ ਵਿੱਚ ਵੱਡੇ ਬਦਲਾਅ ਦਾ ਵਾਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ, ਜਿਵੇਂ ਕਿ ਮਹਿੰਗਾਈ ਅਤੇ ਖ਼ਰਾਬ ਜਨਤਕ ਸੇਵਾਵਾਂ ‘ਤੇ ਸਭ ਤੋਂ ਵੱਧ ਧਿਆਨ ਦੇਵੇਗੀ।
ਇਸ ਤੋਂ ਪਹਿਲਾ ਸਾਬਕਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ 10 ਡਾਊਨਿੰਗ ਸਟ੍ਰੀਟ ਦੇ ਬਾਹਰ ਵਿਦਾਇਗੀ ਭਾਸ਼ਣ ਦੇਣ ਤੋਂ ਬਾਅਦ ਕਿੰਗ ਚਾਰਲਸ ਨੂੰ ਆਪਣਾ ਅਸਤੀਫ਼ਾ ਸੌਂਪਿਆ। ਇਸ ਤੋਂ ਬਾਅਦ ਐਂਡੀ ਬਰਨਹੈਮ ਨੇ ਕਿੰਗ ਨਾਲ ਮੁਲਾਕਾਤ ਕੀਤੀ ਅਤੇ ਰਸਮੀ ਤੌਰ ‘ਤੇ ਪ੍ਰਧਾਨ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ।























