Amritsar : ਸੜਕ ਕਿਨਾਰੇ ਖੜ੍ਹੀ ਥਾਰ ਗੱਡੀ ‘ਚੋਂ ਮਿਲੀ ਨੌਜਵਾਨ ਦੀ ਲਾਸ਼; ਇਲਾਕੇ ‘ਚ ਦਹਿਸ਼ਤ ਦਾ ਮਾਹੌਲ
ਅੰਮ੍ਰਿਤਸਰ, 20 ਜੁਲਾਈ (ਵਿਸ਼ਵ ਵਾਰਤਾ) – ਅੰਮ੍ਰਿਤਸਰ ‘ਚ ਸੜਕ ਕਿਨਾਰੇ ਖੜ੍ਹੀ ਕਾਲੇ ਰੰਗ ਦੀ ਥਾਰ ਗੱਡੀ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਵਿੱਚ ਪੈਂਦੇ ਪਿੰਡ ਝੰਜੋਟੀ ਦੇ ਰਹਿਣ ਵਾਲੇ 35 ਸਾਲਾ ਫ਼ਤਿਹਬੀਰ ਸਿੰਘ ਵਜੋਂ ਹੋਈ ਹੈ। ਉਸ ਦੇ ਪਿਤਾ ਦਾ ਨਾਂ ਭੁਪਿੰਦਰ ਸਿੰਘ ਹੈ। ਇਹ ਗੱਡੀ ਬੀਤੀ ਰਾਤ ਤੋਂ ਹੀ ਇੱਥੇ ਖੜ੍ਹੀ ਸੀ। ਜਦੋਂ ਲੋਕਾਂ ਨੂੰ ਗੱਡੀ ਸ਼ੱਕੀ ਲੱਗੀ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਮੁਤਾਬਕ, ਸੋਮਵਾਰ ਸਵੇਰੇ ਕਰੀਬ 11 ਵਜੇ ਕੰਟਰੋਲ ਰੂਮ ਵਿੱਚ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਨਾਰਾਇਣਗੜ੍ਹ ਇਲਾਕੇ ਵਿੱਚ ਸੜਕ ਕਿਨਾਰੇ ਇੱਕ ਸ਼ੱਕੀ ਥਾਰ ਖੜ੍ਹੀ ਹੈ। ਜਾਣਕਾਰੀ ਮਿਲਣ ‘ਤੇ ਜਦੋਂ ਟੀਮ ਮੌਕੇ ‘ਤੇ ਪਹੁੰਚੀ ਤਾਂ ਉੱਥੇ ਪਹਿਲਾਂ ਹੀ ਭੀੜ ਇਕੱਠੀ ਸੀ।ਗੱਡੀ ਦੇ ਸ਼ੀਸ਼ੇ ਬੰਦ ਸਨ ਅਤੇ ਉਸ ਦੀ ਡਰਾਈਵਿੰਗ ਸੀਟ ‘ਤੇ ਸੀਟਬੈਲਟ ਲਗਾਏ ਇੱਕ ਵਿਅਕਤੀ ਸੀ। ਹਾਲਾਂਕਿ, ਗੱਡੀ ਅਨਲੌਕ ਹੀ ਸੀ। ਲੋਕਾਂ ਮੁਤਾਬਕ, ਉਹ ਵਿਅਕਤੀ ਮਰ ਚੁੱਕਾ ਸੀ। ਪੁਲਿਸ ਨੇ ਫੋਰੈਂਸਿਕ ਟੀਮ ਵੀ ਮੌਕੇ ‘ਤੇ ਬੁਲਾਈ।
ਫੋਰੈਂਸਿਕ ਮਾਹਰਾਂ ਨੇ ਮੌਕੇ ‘ਤੇ ਗੱਡੀ ਦੇ ਅੰਦਰੋਂ ਸਬੂਤ ਇਕੱਠੇ ਕੀਤੇ। ਗੱਡੀ ਦੇ ਅੰਦਰੋਂ ਇੱਕ ਮੋਬਾਈਲ ਫੋਨ ਮਿਲਿਆ, ਜੋ ਬੰਦ ਸੀ। ਉਸ ਨੂੰ ਜ਼ਬਤ ਕਰ ਲਿਆ ਗਿਆ। ਇਸ ਤੋਂ ਇਲਾਵਾ, ਸ਼ਰਾਬ ਦੀ ਇੱਕ ਬੋਤਲ ਮਿਲੀ। ਬੋਤਲ ਦੀ ਸੀਲ ਟੁੱਟੀ ਹੋਈ ਸੀ। ਉਸ ਨੂੰ ਵੀ ਸਬੂਤ ਵਜੋਂ ਜ਼ਬਤ ਕੀਤਾ ਗਿਆ।
ਇਸ ਤੋਂ ਬਾਅਦ ਪੁਲਿਸ ਲਾਸ਼ ਨੂੰ ਥਾਰ ਦੀ ਡਰਾਈਵਿੰਗ ਸੀਟ ਤੋਂ ਹਟਾ ਕੇ ਡਰਾਈਵਰ ਦੀ ਨਾਲ ਵਾਲੀ ਸੀਟ ‘ਤੇ ਕਰ ਕੇ ਥਾਰ ਗੱਡੀ ਨੂੰ ਚਲਾ ਕੇ ਲਾਸ਼ ਸਮੇਤ ਹਸਪਤਾਲ ਲੈ ਗਈ। ਉੱਥੇ ਡਾਕਟਰ ਨੇ ਵੀ ਵਿਅਕਤੀ ਨੂੰ ਮ੍ਰਿਤਕ ਐਲਾਨਿਆ। ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ























