‘ਕਾਕਰੋਚ ਜਨਤਾ ਪਾਰਟੀ’ ਅੱਜ ਕਰੇਗੀ ਸੰਸਦ ਮਾਰਚ ; ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਜੰਤਰ-ਮੰਤਰ ‘ਤੇ ਜੁਟੇ
ਚੰਡੀਗੜ੍ਹ, 20 ਜੁਲਾਈ (ਵਿਸ਼ਵ ਵਾਰਤਾ) ‘ਕਾਕਰੋਚ ਜਨਤਾ ਪਾਰਟੀ’ (CJP) ਨੇ ਪੇਪਰ ਲੀਕ ਅਤੇ ਵਿਦਿਆਰਥੀਆਂ ਦੇ ਮੁੱਦਿਆਂ ‘ਤੇ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰਦਿਆਂ ਜੰਤਰ-ਮੰਤਰ ਤੋਂ ਸੰਸਦ ਤੱਕ ਮਾਰਚ ਦਾ ਸੱਦਾ ਦਿੱਤਾ ਹੈ। ‘ਕਾਕਰੋਚ ਜਨਤਾ ਪਾਰਟੀ’ ਅੱਜ ਸੋਮਵਾਰ ਨੂੰ ਜੰਤਰ-ਮੰਤਰ ਤੋਂ ‘ਚਲੋ ਸੰਸਦ’ ਮਾਰਚ ਕਰਨ ਲਈ ਤਿਆਰ ਹੈ। ਸਮਰਥਕ ਐਤਵਾਰ ਰਾਤ ਭਰ ਜੰਤਰ-ਮੰਤਰ ‘ਤੇ ਇਕੱਠੇ ਹੁੰਦੇ ਰਹੇ। ਸੋਮਵਾਰ ਸਵੇਰੇ 5 ਵਜੇ ਦੇ ਕਰੀਬ, ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਮੌਕੇ ‘ਤੇ ਪਹੁੰਚੇ ਹਨ।
ਸੀਜੇਪੀ ਨੇ ਜੰਤਰ-ਮੰਤਰ ਤੋਂ ਸੰਸਦ ਤੱਕ ਮਾਰਚ ਸਵੇਰੇ 9 ਵਜੇ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ। ਇਸ ਦੌਰਾਨ, ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਮਾਰਚ ਲਈ ਨਾ ਤਾਂ ਕੋਈ ਅਰਜ਼ੀ ਪ੍ਰਾਪਤ ਹੋਈ ਹੈ ਅਤੇ ਨਾ ਹੀ ਇਜਾਜ਼ਤ ਦਿੱਤੀ ਗਈ ਹੈ। ਨਵੀਂ ਦਿੱਲੀ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਪੁਲੀਸ ਨੇ ਵਾਧੂ ਸੁਰੱਖਿਆ ਬਲ ਤਾਇਨਾਤ ਕਰਨ ਦੇ ਨਾਲ ਬੈਰੀਕੇਡਿੰਗ ਮਜ਼ਬੂਤ ਕੀਤੀ ਹੈ ਅਤੇ ਮੁੱਖ ਦਾਖ਼ਲਾ ਸਥਾਨਾਂ ’ਤੇ ਵਾਹਨਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਸੋਨਮ ਵਾਂਗਚੁਕ, ਜੋ ਪਿਛਲੇ 22 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹਨ, ਨੂੰ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਵਾਂਗਚੁਕ ਦੀ ਪਤਨੀ, ਡਾ. ਗੀਤਾਂਜਲੀ ਜੇ. ਅੰਗਮੋ, ਨੇ ਕਿਹਾ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਵੇਗੀ।























