Canada ‘ਚ ਭਾਰਤੀ ਮੂਲ ਦੇ ਕਾਂਸਟੇਬਲ ਤਰੁਣ ਬਾਲੀ ਦੀ ਡਿਊਟੀ ਦੌਰਾਨ ਮੌਤ
ਚੰਡੀਗੜ੍ਹ, 11 ਜੂਨ (ਵਿਸ਼ਵ ਵਾਰਤਾ) – ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਵਿੱਚ ਮੰਗਲਵਾਰ ਨੂੰ ਇੱਕ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਮੌਤ ਹੋ ਗਈ। ਕੈਨੇਡੀਅਨ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਧਿਕਾਰੀ ਇੱਕ 18 ਸਾਲਾ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਕਥਿਤ ਤੌਰ ‘ਤੇ ਇੱਕ ਹਸਪਤਾਲ ਤੋਂ ਭੱਜ ਗਿਆ ਸੀ ਜਿੱਥੇ ਉਸਦੀ ਕੈਨੇਡੀਅਨ ਮਾਨਸਿਕ ਸਿਹਤ ਐਕਟ ਦੇ ਤਹਿਤ ਜਾਂਚ ਕੀਤੀ ਜਾ ਰਹੀ ਸੀ। ਓਪੀਪੀ ਕਮਿਸ਼ਨਰ ਥਾਮਸ ਕੈਰਿਕ ਦੇ ਅਨੁਸਾਰ, ਬਾਲੀ ਨੂੰ ਇੱਕ ਓਪਰੇਸ਼ਨ ਦੌਰਾਨ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਇਹ ਘਟਨਾ ਦੁਪਹਿਰ 12:30 ਵਜੇ ਦੇ ਕਰੀਬ ਕੇਂਡਲ ਕਨਸੈਸ਼ਨ ਰੋਡ 7 ਅਤੇ ਕਨਸੈਸ਼ਨ ਰੋਡ 6 ਦੇ ਨੇੜੇ ਵਾਪਰੀ, ਜੋ ਕਿ ਸਡਬਰੀ ਸ਼ਹਿਰ ਤੋਂ ਲਗਭਗ 600 ਕਿਲੋਮੀਟਰ ਉੱਤਰ-ਪੱਛਮ ਵਿੱਚ ਹੈ। ਓਪਰੇਸ਼ਨ ਦੇ ਸਮੇਂ ਬਾਲੀ ਨੂੰ ਜੇਮਜ਼ ਬੇ ਡਿਟੈਚਮੈਂਟ ਵਿੱਚ ਤਾਇਨਾਤ ਕੀਤਾ ਗਿਆ ਸੀ।
ਮ੍ਰਿਤਕ ਪੁਲਿਸ ਨੌਜਵਾਨ ਦੀ ਪਛਾਣ ਤਰੁਣ ਬਾਲੀ ਵੱਜੋਂ ਹੋਈ ਹੈ। ਕੈਨੇਡੀਅਨ ਸੂਬੇ ਓਨਟਾਰੀਓ ਵਿੱਚ ਡਿਊਟੀ ਦੌਰਾਨ ਗੰਭੀਰ ਜ਼ਖਮੀ ਹਾਲਤ ‘ਚ ਤਰੁਣ ਬਾਲੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।ਜਿੱਥੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਦੇ ਅਧਿਕਾਰੀ ਕਾਂਸਟੇਬਲ ਤਰੁਣ ਬਾਲੀ ਦਾ ਦੇਹਾਂਤ ਹੋ ਗਿਆ ਹੈ। ਉਸਦਾ ਇੱਕ ਹੋਰ ਸਾਥੀ ਵੀ ਗੰਭੀਰ ਜ਼ਖਮੀ ਹੈ।
ਨੰਗਲ ਦੇ ਸ਼ਿਵਾਲਿਕ ਐਵੇਨਿਊ ਦੇ ਨਿਵਾਸੀ ਅਸ਼ੋਕ ਬਾਲੀ ਅਤੇ ਨੀਨਾ ਬਾਲੀ ਦਾ ਛੋਟਾ ਪੁੱਤਰ ਤਰੁਣ ਬਾਲੀ ਲਗਭਗ ਢਾਈ ਸਾਲ ਪਹਿਲਾਂ ਪੁਲਿਸ ਫੋਰਸ ਵਿੱਚ ਭਰਤੀ ਹੋਇਆ ਸੀ। ਅਸ਼ੋਕ ਬਾਲੀ ਨੰਗਲ ਛੱਡ ਕੇ ਆਪਣੇ ਪਰਿਵਾਰ ਨਾਲ ਟੋਰਾਂਟੋ ਚਲਾ ਗਿਆ ਸੀ। ਲਗਭਗ ਦੋ ਸਾਲ ਪਹਿਲਾਂ, ਤਰੁਣ ਬਾਲੀ ਨੇ ਕੈਨੇਡਾ ਵਿੱਚ ਰਹਿਣ ਵਾਲੀ ਇੱਕ ਪੰਜਾਬੀ ਕੁੜੀ ਕੋਮਲ ਨਾਲ ਵਿਆਹ ਕਰਵਾਇਆ ਸੀ। ਰਿਪੋਰਟਾਂ ਅਨੁਸਾਰ, ਕਾਂਸਟੇਬਲ ਤਰੁਣ ਬਾਲੀ ਡਫਰਿਨ ਡਿਟੈਚਮੈਂਟ ਵਿੱਚ ਤਾਇਨਾਤ ਸੀ ਅਤੇ ਪਿਛਲੇ ਢਾਈ ਸਾਲਾਂ ਤੋਂ ਪੁਲਿਸ ਸੇਵਾ ਵਿੱਚ ਸੇਵਾ ਨਿਭਾ ਰਿਹਾ ਸੀ। ਉਹ ਇਸ ਸਮੇਂ ਜੇਮਸ ਬੇ ਡਿਟੈਚਮੈਂਟ ਵਿੱਚ ਵਿਸ਼ੇਸ਼ ਡਿਊਟੀ ‘ਤੇ ਸੀ।
ਪੁਲਿਸ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਇੱਕ 18 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਸਪਤਾਲ ਤੋਂ ਭੱਜਣ ਵਾਲੇ ਇੱਕ 18 ਸਾਲਾ ਸ਼ੱਕੀ ਨੇ ਕਥਿਤ ਤੌਰ ‘ਤੇ ਕਾਂਸਟੇਬਲ ਬਾਲੀ ਨੂੰ ਇੱਕ ਵਾਹਨ ਨਾਲ ਟੱਕਰ ਮਾਰ ਦਿੱਤੀ ਅਤੇ ਜ਼ਖਮੀ ਕਰ ਦਿੱਤਾ। ਪੁਲਿਸ ਨੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ‘ਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਹੈ। ਓਪੀਪੀ ਅਪਰਾਧਿਕ ਜਾਂਚ ਸ਼ਾਖਾ ਘਟਨਾ ਦੇ ਕਾਰਨ ਦਾ ਪਤਾ ਲਗਾਉਣ ਲਈ ਘਟਨਾ ਦੀ ਜਾਂਚ ਕਰ ਰਹੀ ਹੈ। ਚੀਫ਼ ਕੋਰੋਨਰ ਦਾ ਦਫ਼ਤਰ ਅਤੇ ਓਨਟਾਰੀਓ ਫੋਰੈਂਸਿਕ ਪੈਥੋਲੋਜੀ ਸੇਵਾ ਵੀ ਜਾਂਚ ਵਿੱਚ ਸਹਾਇਤਾ ਕਰ ਰਹੀ ਹੈ। ਸੂਤਰਾਂ ਅਨੁਸਾਰ, ਕਾਂਸਟੇਬਲ ਬਾਲੀ ਦੀ ਲਾਸ਼ ਨੂੰ ਪੋਸਟਮਾਰਟਮ ਅਤੇ ਹੋਰ ਜਾਂਚਾਂ ਲਈ ਟੋਰਾਂਟੋ ਵਿੱਚ ਚੀਫ਼ ਕੋਰੋਨਰ ਦੇ ਦਫ਼ਤਰ ਲਿਜਾਇਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























