Raghav Chadha ਨੇ ਸੰਸਦ ਵਿੱਚ ਚੁੱਕਿਆ ਔਰਤਾਂ ਨਾਲ ਸਬੰਧਤ ਮਹੱਤਵਪੂਰਨ ਮੁੱਦਾ
– “ਮਾਹਵਾਰੀ ਇੱਕ ਕੁਦਰਤੀ ਪ੍ਰਕਿਰਿਆ ਹੈ ਨਾ ਕਿ ਕਲੰਕ” – ਰਾਘਵ ਚੱਢਾ
ਨਵੀ ਦਿੱਲੀ, 13 ਮਾਰਚ (ਵਿਸ਼ਵ ਵਾਰਤਾ): ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਵਿੱਚ ਅੱਜ ਸੈਨੇਟਰੀ ਪੈਡ ਅਤੇ ਮਾਹਵਾਰੀ ਸਵੱਛਤਾ ਦਾ ਮੁੱਦਾ ਉਠਾਇਆ। ਰਾਘਵ ਚੱਢਾ ਨੇ ਕਿਹਾ ਕਿ ਪੀਰੀਅਡਜ਼ ਇੱਕ ਕੁਦਰਤੀ ਪ੍ਰਕਿਰਿਆ ਹੈ, ਪਰ ਇਸ ਨਾਲ ਜੁੜਿਆ ਸਮਾਜਿਕ ਕਲੰਕ ਅੱਜ ਵੀ ਲੱਖਾਂ ਕੁੜੀਆਂ ਦੀ ਸਿੱਖਿਆ, ਸਿਹਤ ਅਤੇ ਸਨਮਾਨ ਦੇ ਰਾਹ ਵਿੱਚ ਰੁਕਾਵਟ ਬਣ ਰਿਹਾ ਹੈ।
ਸੰਸਦ ਮੈਂਬਰ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਕਿਸੇ ਕੁੜੀ ਨੂੰ ਸੈਨੇਟਰੀ ਪੈਡ, ਪਾਣੀ ਅਤੇ ਨਿੱਜਤਾ (privacy) ਦੀ ਘਾਟ ਕਾਰਨ ਸਕੂਲ ਛੱਡਣਾ ਪੈਂਦਾ ਹੈ, ਤਾਂ ਇਹ ਸਿਰਫ਼ ਉਸ ਦੀ ਸਮੱਸਿਆ ਨਹੀਂ, ਸਗੋਂ ਪੂਰੇ ਸਮਾਜ ਦੀ ਸਮੂਹਿਕ ਅਸਫਲਤਾ ਹੈ।
ਉਨ੍ਹਾਂ ਕਿਹਾ ਕਿ ਇਹ ਭਾਰਤ ਵਿੱਚ 35 ਕਰੋੜ ਤੋਂ ਵੱਧ ਔਰਤਾਂ ਅਤੇ ਲੜਕੀਆਂ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਰਾਸ਼ਟਰ ਆਪਣੇ ਆਪ ਨੂੰ ਉਨ੍ਹਾਂ ਸਮਾਂ ਪ੍ਰਗਤੀਸ਼ੀਲ ਨਹੀਂ ਕਹਿ ਸਕਦਾ ਜੇਕਰ ਲੱਖਾਂ ਕੁੜੀਆਂ ਅਜੇ ਵੀ ਕਿਸੇ ਬੁਨਿਆਦੀ ਚੀਜ਼ ਲਈ ਡਰ, ਸ਼ਰਮ ਅਤੇ ਚੁੱਪ ਦਾ ਸਾਹਮਣਾ ਕਰ ਰਹੀਆਂ ਹਨ। ਅਸੀਂ ਇੱਕ ਅਜਿਹੇ ਦੇਸ਼ ਵਿੱਚ ਰਹਿੰਦੇ ਹਾਂ ਜਿੱਥੇ ਸ਼ਰਾਬ ਅਤੇ ਸਿਗਰੇਟ ਖੁੱਲ੍ਹੇਆਮ ਵਿਕਦੇ ਹਨ, ਪਰ ਸੈਨੇਟਰੀ ਪੈਡਾਂ ਨੂੰ ਅੱਜ ਵੀ ਅਖ਼ਬਾਰ ਵਿੱਚ ਇਸ ਤਰ੍ਹਾਂ ਲਪੇਟਿਆ ਜਾਂਦਾ ਹੈ ਜਿਵੇਂ ਕਿ ਉਨ੍ਹਾਂ ਨੂੰ ਲੁਕਾਉਣਾ ਜ਼ਰੂਰੀ ਹੋਵੇ।
ਉਨ੍ਹਾਂ ਕਿਹਾ ਕਿ ਅਸਲ ਤਰੱਕੀ ਦੀ ਪ੍ਰੀਖਿਆ ਬਹੁਤ ਸਰਲ ਹੈ – ਬਸ ਜਿਸ ਦਿਨ ਭਾਰਤ ਦੀ ਹਰ ਕੁੜੀ ਬਿਨਾਂ ਕਿਸੇ ਡਰ ਜਾਂ ਸ਼ਰਮ ਦੇ ਸਕੂਲ ਜਾ ਸਕੇਗੀ, ਆਪਣੀ ਜ਼ਿੰਦਗੀ ਮਾਣ ਨਾਲ ਜੀ ਸਕੇਗੀ ਅਤੇ ਇਸ ਵਿਸ਼ੇ ਬਾਰੇ ਖੁੱਲ੍ਹ ਕੇ ਗੱਲ ਕਰ ਸਕੇਗੀ, ਤਾਂ ਹੀ ਅਸੀਂ ਕਹਿ ਸਕਾਂਗੇ ਕਿ ਸਾਡਾ ਸਮਾਜ ਸੱਚਮੁੱਚ ਤਰੱਕੀ ਕਰ ਚੁੱਕਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























