Punjab ਦੇ ਬਠਿੰਡਾ ‘ਚ ਜਲਦ ਰੈਲੀ ਕਰ ਸਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਚੰਡੀਗੜ੍ਹ, 4 ਨਵੰਬਰ (ਵਿਸ਼ਵ ਵਾਰਤਾ): ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਬਠਿੰਡਾ ਵਿੱਚ ਵੱਡੀ ਰੈਲੀ ਕਰ ਸਕਦੇ ਹਨ। ਪੰਜਾਬ ਭਾਜਪਾ ਦੀ ਲੀਡਰਸ਼ਿਪ ਵੱਲੋਂ ਪ੍ਰਧਾਨ ਮੰਤਰੀ ਦੇ ਦੌਰੇ ਅਤੇ ਰੈਲੀ ਲਈ ਪ੍ਰਧਾਨ ਮੰਤਰੀ ਦਫ਼ਤਰ (PMO) ਤੋਂ ਸਮਾਂ ਮੰਗਿਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਰੈਲੀ ਦੀਵਾਲੀ ਤੋਂ ਬਾਅਦ 15 ਤੋਂ 20 ਨਵੰਬਰ ਦੇ ਵਿਚਕਾਰ ਕਰਵਾਏ ਜਾਣ ਦੀ ਸੰਭਾਵਨਾ ਹੈ। ਇਸ ਵਾਰ ਰੈਲੀ ਲਈ ਮਾਲਵਾ ਖੇਤਰ ਨੂੰ ਚੁਣਿਆ ਜਾ ਰਿਹਾ ਹੈ। ਬਠਿੰਡਾ ਨੂੰ ਸਿਆਸੀ ਪੱਖੋਂ ਅਹਿਮ ਕੇਂਦਰ ਮੰਨਿਆ ਜਾਂਦਾ ਹੈ ਅਤੇ ਭਾਜਪਾ ਇਸ ਰੈਲੀ ਰਾਹੀਂ ਸੂਬੇ ਵਿੱਚ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਤਿਆਰੀ ਵਿੱਚ ਹੈ।
ਇਹ ਰੈਲੀ ਬਠਿੰਡਾ ‘ਚ ਹੋ ਰਹੀ ਹੈ ਜਾਣੀ ਕਿ ਬਾਦਲਾਂ ਦੇ ਗੜ੍ਹ ‘ਚ ਜਿਸ ਕਾਰਨ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸੰਭਾਵਿਤ ਗਠਜੋੜ ਦੀ ਚਰਚਾ ਹੋ ਰਹੀ ਹੈ। ਸੂਤਰਾਂ ਅਨੁਸਾਰ ਰੈਲੀ ਦੌਰਾਨ ਦੋਵਾਂ ਪਾਰਟੀਆਂ ਦੇ ਮੁੜ ਇਕੱਠੇ ਆਉਣ ਬਾਰੇ ਕੋਈ ਐਲਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਹਾਲਾਂਕਿ, ਦੋਵਾਂ ਪਾਰਟੀਆਂ ਵੱਲੋਂ ਅਜੇ ਤੱਕ ਗਠਜੋੜ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਫਿਲਹਾਲ ਬਠਿੰਡਾ ਰੈਲੀ ਦੀ ਤਰੀਕ ਅਤੇ ਪ੍ਰਧਾਨ ਮੰਤਰੀ ਦੇ ਦੌਰੇ ਬਾਰੇ ਅਧਿਕਾਰਤ ਐਲਾਨ ਦੀ ਉਡੀਕ ਹੈ।























