T20 ਵਿਸ਼ਵ ਕੱਪ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਫਾਈਨਲ ਮੁਕਾਬਲਾ, ਨਿਊਜ਼ੀਲੈਂਡ ਨੇ ਜਿੱਤਿਆ ਟਾਸ
- – ਭਾਰਤ ਕਰੇਗਾ ਪਹਿਲਾਂ ਬੱਲੇਬਾਜ਼ੀ
ਗੁਜਰਾਤ, 8 ਮਾਰਚ 2026 (ਵਿਸ਼ਵ ਵਾਰਤਾ) – ਟੀ-20 ਵਿਸ਼ਵ ਕੱਪ 2026 ਦਾ ਫਾਈਨਲ ਮੁਕਾਬਲਾ ਅੱਜ ਸ਼ਾਮ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ। ਇਹ ਖ਼ਿਤਾਬੀ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਨਿਊਜ਼ੀਲੈਂਡ ਨੇ ਟਾਸ ਜਿੱਤਿਆ ਹੈ।
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਹੈ। ਭਾਰਤੀ ਕਪਤਾਨ ਨੇ ਕਿਹਾ ਕਿ “ਪਹਿਲਾਂ ਬੱਲੇਬਾਜ਼ੀ ਕਰਕੇ ਖੁਸ਼ੀ ਹੋ ਰਹੀ ਹੈ, ਕਿਉਂਕਿ ਹਾਲ ਹੀ ਵਿੱਚ ਅਸੀਂ ਅਜਿਹਾ ਕਰਦੇ ਹੋਏ ਵਧੀਆ ਪ੍ਰਦਰਸ਼ਨ ਕੀਤਾ ਹੈ। ਪਿਛਲਾ ਰਿਕਾਰਡ ਹੁਣ ਇਤਿਹਾਸ ਹੈ, ਇਹ ਨਵਾਂ ਵਰਲਡ ਕੱਪ ਹੈ ਅਤੇ ਅਸੀਂ ਇਸ ਨੂੰ ਲੈ ਕੇ ਉਤਸ਼ਾਹਿਤ ਹਾਂ। ਸਟੇਡੀਅਮ ਟਾਸ ਦੇ ਸਮੇਂ ਤੋਂ ਹੀ ਲਗਭਗ ਭਰ ਚੁੱਕਾ ਹੈ ਅਤੇ ਉਮੀਦ ਹੈ ਕਿ ਅਸੀਂ ਦਰਸ਼ਕਾਂ ਨੂੰ ਸ਼ਾਨਦਾਰ ਮੈਚ ਦਿਖਾਵਾਂਗੇ। ਸਾਡੀ ਟੀਮ ਵਿੱਚ ਕੋਈ ਬਦਲਾਅ ਨਹੀਂ ਹੈ।”
ਕਪਤਾਨ ਮਿਸ਼ੇਲ ਸੈਂਟਨਰ ਨੇ ਪਿਛਲੇ ਮੈਚ ਤੋਂ ਪਲੇਇੰਗ ਇਲੈਵਨ ਵਿੱਚ ਇੱਕ ਬਦਲਾਅ ਕੀਤਾ ਹੈ। ਜੈਕਬ ਡਫੀ ਨੇ ਕੋਲ ਮੈਕੋਂਚੀ ਦੀ ਜਗ੍ਹਾ ਲਈ ਹੈ। ਭਾਰਤੀ ਟੀਮ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਮੈਚ ਤੋਂ ਪਹਿਲਾਂ ਸਾਬਕਾ ਸਪਿਨਰ ਹਰਭਜਨ ਸਿੰਘ ਨੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਟੀਮ ਇੰਡੀਆ ਨੂੰ ਕਿਹਾ – ‘ਚੈਂਪੀਅਨਜ਼ ਵਾਂਗ ਖੇਡਣਾ ਹੈ।’
ਇਸ ਮੈਚ ਵਿੱਚ ਟੀਮ ਇੰਡੀਆ ਕੋਲ ਇਤਿਹਾਸ ਰਚਣ ਦਾ ਮੌਕਾ ਹੋਵੇਗਾ, ਜਦਕਿ ਨਿਊਜ਼ੀਲੈਂਡ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਅਜਿਹੇ ਵਿੱਚ ਫੈਨਜ਼ ਦੇ ਮਨ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਇਸ ਹਾਈ-ਵੋਲਟੇਜ ਫਾਈਨਲ ਵਿੱਚ ਮੀਂਹ ਖੇਡ ਵਿਗਾੜ ਸਕਦਾ ਹੈ ਜਾਂ ਨਹੀਂ।
ਦੱਸ ਦਈਏ ਕਿ ਅਹਿਮਦਾਬਾਦ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਾਮਾਤਰ ਹੈ। ਅਸਮਾਨ ਸਾਫ਼ ਰਹਿਣ ਦਾ ਅਨੁਮਾਨ ਹੈ, ਇਸ ਲਈ ਮੈਚ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਭਾਵੇਂ ਮੀਂਹ ਦਾ ਕੋਈ ਖ਼ਤਰਾ ਨਹੀਂ ਹੈ, ਪਰ ਗਰਮੀ ਖਿਡਾਰੀਆਂ ਲਈ ਚੁਣੌਤੀ ਬਣ ਸਕਦੀ ਹੈ। ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ ਕਰੀਬ 40 ਡਿਗਰੀ ਤੱਕ ਪਹੁੰਚ ਸਕਦਾ ਹੈ। ਉੱਥੇ ਹੀ ਰਾਤ ਸਮੇਂ ਤਾਪਮਾਨ ਡਿੱਗ ਕੇ ਲਗਭਗ 23 ਡਿਗਰੀ ਤਕ ਰਹਿਣ ਦੀ ਸੰਭਾਵਨਾ ਹੈ।
ਫਾਈਨਲ ਵਾਲੇ ਦਿਨ ਅਹਿਮਦਾਬਾਦ ਵਿੱਚ ਚਾਹੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਫਿਰ ਵੀ ICC ਨੇ ਇੱਕ ਰਿਜ਼ਰਵ ਡੇਅ ਰੱਖਿਆ ਹੈ। ਜੇਕਰ ਕਿਸੇ ਕਾਰਨ 8 ਮਾਰਚ ਨੂੰ ਮੈਚ ਪੂਰਾ ਨਹੀਂ ਹੋ ਪਾਉਂਦਾ ਹੈ, ਤਾਂ 9 ਮਾਰਚ (ਸੋਮਵਾਰ) ਨੂੰ ਰਿਜ਼ਰਵ ਡੇਅ ‘ਤੇ ਮੁਕਾਬਲਾ ਖੇਡਿਆ ਜਾਵੇਗਾ। ਜੇਕਰ ਫਾਈਨਲ ਰਿਜ਼ਰਵ ਡੇਅ ‘ਤੇ ਵੀ ਪੂਰਾ ਨਹੀਂ ਹੋ ਸਕਿਆ, ਤਾਂ ਨਿਯਮਾਂ ਮੁਤਾਬਕ ਦੋਵਾਂ ਟੀਮਾਂ ਵਿੱਚ ਟਰਾਫੀ ਸ਼ੇਅਰ ਕੀਤੀ ਜਾਵੇਗੀ।
ਭਾਰਤ: ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਅਤੇ ਵਰੁਣ ਚੱਕਰਵਰਤੀ।
ਨਿਊਜ਼ੀਲੈਂਡ: ਫਿਨ ਐਲਨ, ਟਿਮ ਸੀਫਰਟ (ਵਿਕਟਕੀਪਰ), ਰਚਿਨ ਰਵਿੰਦਰ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਸ਼ੇਲ, ਮਿਸ਼ੇਲ ਸੈਂਟਨਰ (ਕਪਤਾਨ), ਜੈਕਬ ਡਫੀ, ਮੈਟ ਹੈਨਰੀ, ਜਿੰਮੀ ਨੀਸ਼ਮ, ਲੋਕੀ ਫਰਗੂਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























