IND vs NZ Finals: ਕੀ ਭਾਰਤ ਬਨਾਮ ਨਿਊਜ਼ੀਲੈਂਡ ਮਹਾਂਮੁਕਾਬਲੇ ‘ਚ ਮੀਂਹ ਪਾਵੇਗਾ ਵਿਘਨ?
– ਜਾਣੋ ਅਹਿਮਦਾਬਾਦ ‘ਚ ਕਿਹੋ ਜਿਹਾ ਰਹੇਗਾ ਮੌਸਮ
ਗੁਜਰਾਤ, 8 ਮਾਰਚ 2026 (ਵਿਸ਼ਵ ਵਾਰਤਾ) – ICC ਟੀ-20 ਵਿਸ਼ਵ ਕੱਪ 2026 ਦਾ ਫਾਈਨਲ ਮੁਕਾਬਲਾ ਅੱਜ ਸ਼ਾਮ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ। ਇਹ ਖ਼ਿਤਾਬੀ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ। ਮੈਚ ਦਾ ਟਾਸ ਸ਼ਾਮ 6:30 ਵਜੇ ਹੋਵੇਗਾ।ਇਸ ਤੋਂ ਪਹਿਲਾਂ, ਸਮਾਪਤੀ ਸਮਾਰੋਹ ਸ਼ਾਮ 5:30 ਵਜੇ ਸ਼ੁਰੂ ਹੋਵੇਗਾ। ਅੰਤਰਰਾਸ਼ਟਰੀ ਪੌਪ ਸਟਾਰ ਰਿੱਕੀ ਮਾਰਟਿਨ, ਸੁਖਵੀਰ ਸਿੰਘ ਅਤੇ ਫਾਲਗੁਨੀ ਪਾਠਕ ਪਰਫਾਰਮ ਕਰਨਗੇ।
ਇਸ ਮੈਚ ਵਿੱਚ ਟੀਮ ਇੰਡੀਆ ਕੋਲ ਇਤਿਹਾਸ ਰਚਣ ਦਾ ਮੌਕਾ ਹੋਵੇਗਾ, ਜਦਕਿ ਨਿਊਜ਼ੀਲੈਂਡ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਅਜਿਹੇ ਵਿੱਚ ਫੈਨਜ਼ ਦੇ ਮਨ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਇਸ ਹਾਈ-ਵੋਲਟੇਜ ਫਾਈਨਲ ਵਿੱਚ ਮੀਂਹ ਖੇਡ ਵਿਗਾੜ ਸਕਦਾ ਹੈ ਜਾਂ ਨਹੀਂ।
ਦੱਸ ਦਈਏ ਕਿ ਅਹਿਮਦਾਬਾਦ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਾਮਾਤਰ ਹੈ। ਅਸਮਾਨ ਸਾਫ਼ ਰਹਿਣ ਦਾ ਅਨੁਮਾਨ ਹੈ, ਇਸ ਲਈ ਮੈਚ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਭਾਵੇਂ ਮੀਂਹ ਦਾ ਕੋਈ ਖ਼ਤਰਾ ਨਹੀਂ ਹੈ, ਪਰ ਗਰਮੀ ਖਿਡਾਰੀਆਂ ਲਈ ਚੁਣੌਤੀ ਬਣ ਸਕਦੀ ਹੈ। ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ ਕਰੀਬ 40 ਡਿਗਰੀ ਤੱਕ ਪਹੁੰਚ ਸਕਦਾ ਹੈ। ਉੱਥੇ ਹੀ ਰਾਤ ਸਮੇਂ ਤਾਪਮਾਨ ਡਿੱਗ ਕੇ ਲਗਭਗ 23 ਡਿਗਰੀ ਤਕ ਰਹਿਣ ਦੀ ਸੰਭਾਵਨਾ ਹੈ।
ਫਾਈਨਲ ਵਾਲੇ ਦਿਨ ਅਹਿਮਦਾਬਾਦ ਵਿੱਚ ਚਾਹੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਫਿਰ ਵੀ ICC ਨੇ ਇੱਕ ਰਿਜ਼ਰਵ ਡੇਅ ਰੱਖਿਆ ਹੈ। ਜੇਕਰ ਕਿਸੇ ਕਾਰਨ 8 ਮਾਰਚ ਨੂੰ ਮੈਚ ਪੂਰਾ ਨਹੀਂ ਹੋ ਪਾਉਂਦਾ ਹੈ, ਤਾਂ 9 ਮਾਰਚ (ਸੋਮਵਾਰ) ਨੂੰ ਰਿਜ਼ਰਵ ਡੇਅ ‘ਤੇ ਮੁਕਾਬਲਾ ਖੇਡਿਆ ਜਾਵੇਗਾ। ਜੇਕਰ ਫਾਈਨਲ ਰਿਜ਼ਰਵ ਡੇਅ ‘ਤੇ ਵੀ ਪੂਰਾ ਨਹੀਂ ਹੋ ਸਕਿਆ, ਤਾਂ ਨਿਯਮਾਂ ਮੁਤਾਬਕ ਦੋਵਾਂ ਟੀਮਾਂ ਵਿੱਚ ਟਰਾਫੀ ਸ਼ੇਅਰ ਕੀਤੀ ਜਾਵੇਗੀ।























