Mamata ਸਰਕਾਰ ‘ਤੇ ਵਰ੍ਹੇ ਪ੍ਰਧਾਨ ਮੰਤਰੀ ਮੋਦੀ; ਕਿਹਾ – ਟੀਐਮਸੀ ਨੂੰ ਮੁਆਫ਼ ਨਹੀਂ ਕਰੇਗਾ ਦੇਸ਼
– ਜਾਣੋ ਕੀ ਹੈ ਪੂਰਾ ਮਾਮਲਾ
ਨਵੀ ਦਿੱਲੀ, 8 ਮਾਰਚ 2026 (ਵਿਸ਼ਵ ਵਾਰਤਾ) – ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਅਪਮਾਨ ਨੂੰ ਲੈ ਕੇ ਦਿੱਲੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਸਰਕਾਰ ‘ਤੇ ਪਲਟਵਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਅਤੇ ਨਾਰੀ ਸ਼ਕਤੀ ਪੱਛਮੀ ਬੰਗਾਲ ਵਿੱਚ ਹੋਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਅਪਮਾਨ ਲਈ TMC ਨੂੰ ਮਾਫ਼ ਨਹੀਂ ਕਰੇਗੀ, ਜਨਤਾ ਜ਼ਰੂਰ ਸਬਕ ਸਿਖਾਏਗੀ।
ਉਹਨਾਂ ਅੱਗੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਜੋ ਹੋਇਆ, ਉਹ ਰਾਸ਼ਟਰਪਤੀ ਦਾ ਨਹੀਂ, ਸਗੋਂ ਸੰਵਿਧਾਨ ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਹੰਕਾਰ ਨਾਲ ਭਰਿਆ ਵਿਅਕਤੀ, ਚਾਹੇ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਅਖੀਰ ਵਿੱਚ ਬਰਬਾਦ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਆਦਿਵਾਸੀ ਰਾਸ਼ਟਰਪਤੀ ਦਾ ਘੋਰ ਅਪਮਾਨ ਕਰਨ ਵਾਲੀ ਪਾਰਟੀ ਦਾ ਹੰਕਾਰ ਚੂਰ-ਚੂਰ ਹੋ ਕੇ ਰਹੇਗਾ। ਪੱਛਮੀ ਬੰਗਾਲ ਦੀ ਜਨਤਾ ਇੱਕ ਆਦਿਵਾਸੀ ਮਹਿਲਾ ਅਤੇ ਦੇਸ਼ ਦੇ ਰਾਸ਼ਟਰਪਤੀ ਦੇ ਅਪਮਾਨ ਲਈ ਉਹਨਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ।
ਪੀਐਮ ਮੋਦੀ ਨੇ ਕਿਹਾ ਕਿ ਦ੍ਰੌਪਦੀ ਮੁਰਮੂ ਸੰਥਾਲ ਦੇ ਇੱਕ ਵੱਡੇ ਉਤਸਵ ਵਿੱਚ ਸ਼ਾਮਲ ਹੋਣ ਲਈ ਬੰਗਾਲ ਗਏ ਸਨ, ਪਰ ਰਾਸ਼ਟਰਪਤੀ ਨੂੰ ਸਨਮਾਨ ਦੇਣ ਦੀ ਬਜਾਏ, TMC ਨੇ ਇਸ ਪਵਿੱਤਰ ਅਤੇ ਮਹੱਤਵਪੂਰਨ ਪ੍ਰੋਗਰਾਮ ਦਾ ਬਾਈਕਾਟ ਕੀਤਾ। TMC ਸਰਕਾਰ ਨੇ ਉਸ ਪ੍ਰੋਗਰਾਮ ਨੂੰ ਬਦਇੰਤਜ਼ਾਮੀ ਦੇ ਹਵਾਲੇ ਕਰ ਦਿੱਤਾ। ਇਹ ਨਾ ਸਿਰਫ਼ ਰਾਸ਼ਟਰਪਤੀ ਦਾ ਅਪਮਾਨ ਹੈ, ਸਗੋਂ ਭਾਰਤ ਦੇ ਸੰਵਿਧਾਨ ਦਾ ਵੀ ਅਪਮਾਨ ਹੈ। ਇਹ ਸੰਵਿਧਾਨ ਦੀ ਭਾਵਨਾ ਅਤੇ ਲੋਕਤੰਤਰ ਦੀ ਮਹਾਨ ਪਰੰਪਰਾ ਦਾ ਵੀ ਅਪਮਾਨ ਹੈ।
ਦੱਸ ਦਈਏ ਕਿ ਬੀਤੇ ਕੱਲ੍ਹ ਯਾਨੀ ਕਿ ਸ਼ਨੀਵਾਰ ਨੂੰ ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਦੇ ਪ੍ਰੋਗਰਾਮ ਦੀ ਜਗ੍ਹਾ ਬਦਲੇ ਜਾਣ ‘ਤੇ ਰਾਸ਼ਟਰਪਤੀ ਨੇ ਨਾਰਾਜ਼ਗੀ ਜਤਾਈ ਸੀ। ਉਨ੍ਹਾਂ ਕਿਹਾ ਕਿ ਉੱਤਰੀ ਬੰਗਾਲ ਦੌਰੇ ਦੌਰਾਨ ਨਾ ਤਾਂ ਮੁੱਖ ਮੰਤਰੀ ਅਤੇ ਨਾ ਹੀ ਕੋਈ ਮੰਤਰੀ ਮੈਨੂੰ ਰਿਸੀਵ ਕਰਨ ਆਇਆ। ਭਾਜਪਾ ਨੇ ਇਸ ਨੂੰ ਰਾਸ਼ਟਰਪਤੀ ਦਾ ਅਪਮਾਨ ਦੱਸਿਆ ਸੀ।























