Punjab ‘ਚ ਬਣਨਗੇ 7 ਨਵੇਂ ਮੈਡੀਕਲ ਕਾਲਜ
– ਸਿਹਤ ਮੰਤਰੀ ਬਲਬੀਰ ਸਿੰਘ ਨੇ ਕੀਤਾ ਐਲਾਨ
ਚੰਡੀਗੜ੍ਹ, 5 ਮਾਰਚ 2026 (ਵਿਸ਼ਵ ਵਾਰਤਾ) : ਸੂਬੇ ਵਿੱਚ ਜਲਦ ਹੀ ਨਵੇਂ ਸੱਤ ਮੈਡੀਕਲ ਕਾਲਜ ਬਣਨਗੇ, ਜਿਸ ਨਾਲ ਮੈਡੀਕਲ ਦੀਆਂ ਛੇ ਸੌ ਸੀਟਾਂ ਵਧਣਗੀਆਂ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਅੱਜ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ 20 ਮਾਰਚ ਤੋਂ ਸ਼ੁਰੂ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਮੈਡੀਕਲ ਦੀ ਪੜ੍ਹਾਈ ਕਰਨ ਲਈ ਵਿਦੇਸ਼ ਨਹੀਂ ਜਾਣਾ ਪਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਬਣੇਗਾ, ਜਿਸ ਵਿੱਚ 100 ਸੀਟਾਂ ਹੋਣਗੀਆਂ। 200 ਬੈੱਡਾਂ ਦਾ ਹਸਪਤਾਲ ਪਹਿਲਾਂ ਹੀ ਮੌਜੂਦ ਹੈ ਅਤੇ 300 ਬੈੱਡਾਂ ਦਾ ਹੋਰ ਹਸਪਤਾਲ ਬਣਾਇਆ ਜਾਵੇਗਾ। ਇਹ ਦੋ ਸਾਲਾਂ ਵਿੱਚ ਬਣ ਕੇ 2028 ਤਕ ਤਿਆਰ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਕਪੂਰਥਲਾ ਮੈਡੀਕਲ ਕਾਲਜ ਦਾ ਵੀ ਟੈਂਡਰ ਅਤੇ ਵਰਕ ਆਰਡਰ ਹੋ ਚੁੱਕਾ ਹੈ। ਸੰਗਰੂਰ ਅਤੇ ਐੱਸ.ਬੀ.ਐੱਸ. ਨਗਰ (ਨਵਾਂਸ਼ਹਿਰ) ਵਿੱਚ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ। ਇਹ ਦੋਵੇਂ ਪੀ.ਪੀ.ਪੀ. (PPP) ਮੋਡ ‘ਤੇ ਬਣਨਗੇ। ਲਹਿਰਾਗਾਗਾ ਵਿੱਚ ਜੈਨ ਸਮਾਜ ਵੱਲੋ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ ਉਨ੍ਹਾਂ ਨਾਲ ਸਮਝੌਤਾ ਸਹਿਬੱਧ ਹੋਇਆ ਹੈ। ਮਲੇਰਕੋਟਲਾ ਵਿੱਚ ਮੁਸਲਿਮ ਮਨੋਰਿਟੀ (ਘੱਟ ਗਿਣਤੀ) ਕਾਲਜ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਬਿਹਤਰ ਸਿੱਖਿਆ ਮਿਲੇਗੀ ਅਤੇ ਇਸ ਨਾਲ ਰੁਜ਼ਗਾਰ ਵੀ ਵਧੇਗਾ। ਸਾਡੇ ਪੁਰਾਣੇ ਮੈਡੀਕਲ ਕਾਲਜਾਂ ਜਿਵੇਂ ਕਿ ਅੰਮ੍ਰਿਤਸਰ, ਪਟਿਆਲਾ ਅਤੇ ਫ਼ਰੀਦਕੋਟ ਨੂੰ ਪੋਸਟ ਗ੍ਰੈਜੂਏਟ (PG) ਪੱਧਰ ਤੱਕ ਲੈ ਕੇ ਜਾ ਰਹੇ ਹਾਂ। ਜੋ ਸਹੂਲਤਾਂ ਪੀ.ਜੀ.ਆਈ. (PGI) ਵਿੱਚ ਹਨ, ਉਹੀ ਇਹਨਾਂ ਵਿੱਚ ਵੀ ਦਿੱਤੀਆਂ ਜਾਣਗੀਆਂ। ਲਿਵਰ ਟ੍ਰਾਂਸਪਲਾਂਟ ਅਤੇ ਕਿਡਨੀ ਟ੍ਰਾਂਸਪਲਾਂਟ ਦੀ ਸਹੂਲਤ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























