Holi 2026 : ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਚੰਡੀਗੜ੍ਹ ‘ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
– 1150 ਪੁਲਿਸ ਮੁਲਾਜ਼ਮ ਤਾਇਨਾਤ
ਚੰਡੀਗੜ੍ਹ, 3 ਮਾਰਚ 2026 (ਵਿਸ਼ਵ ਵਾਰਤਾ) – ਕੱਲ੍ਹ ਯਾਨੀ 4 ਮਾਰਚ 2026 ਨੂੰ, ਰੰਗਾਂ ਦਾ ਤਿਓਹਾਰ ਹੋਲੀ ਮਨਾਇਆ ਜਾਵੇਗਾ। ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੱਲੋਂ ਹੁੱਲੜਬਾਜ਼ੀ, ਤੇਜ਼ ਰਫ਼ਤਾਰ ਵਾਹਨ ਚਲਾਉਣ ਅਤੇ ਛੇੜਛਾੜ ਦੀਆਂ ਘਟਨਾਵਾਂ ‘ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਅੰਦਰੂਨੀ ਨਾਕੇ ਵੀ ਲਗਾਏ ਜਾਣਗੇ, ਤਾਂ ਜੋ ਸ਼ਰਾਰਤੀ ਅਨਸਰਾਂ ‘ਤੇ ਨਿਯੰਤਰਣ ਰੱਖਿਆ ਜਾ ਸਕੇ।
ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਅਤੇ ਟ੍ਰੈਫਿਕ ਸੰਭਾਲਣ ਲਈ ਲਗਭਗ 1150 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਹਨਾਂ ਵਿੱਚ 8 ਵੱਡੇ ਅਧਿਕਾਰੀ, 33 ਥਾਣਾ ਮੁਖੀ/ਇੰਸਪੈਕਟਰ, 14 ਪੁਲਿਸ ਚੌਕੀ ਇੰਚਾਰਜ ਅਤੇ ਕਰੀਬ 1100 ਹੋਰ ਪੁਲਿਸ ਕਰਮਚਾਰੀ ਸ਼ਾਮਲ ਹਨ।
ਸਾਰੇ ਪੁਲਿਸ ਮੁਲਾਜ਼ਮ 4 ਮਾਰਚ ਦੀ ਸਵੇਰੇ 8 ਵਜੇ ਤੋਂ ਆਪਣੇ-ਆਪਣੇ ਇਲਾਕੇ ਵਿੱਚ ਡਿਊਟੀ ‘ਤੇ ਤਾਇਨਾਤ ਹੋ ਜਾਣਗੇ, ਤਾਂ ਜੋ ਲੋਕ ਸੁਰੱਖਿਅਤ ਤਰੀਕੇ ਨਾਲ ਹੋਲੀ ਮਨਾ ਸਕਣ। ਇਸ ਤੋਂ ਇਲਾਵਾ ਸ਼ਹਿਰ ਦੇ ਸਾਰੇ ਬਾਜ਼ਾਰਾਂ, ਸੈਕਟਰਾਂ, ਕਾਲੋਨੀਆਂ, ਪਿੰਡਾਂ, ਮਾਲਾਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਪੁਲਿਸ ਦੀ ਵਿਸ਼ੇਸ਼ ਤਾਇਨਾਤੀ ਰਹੇਗੀ। ਖਾਸ ਤੌਰ ‘ਤੇ ਗਰਲਜ਼ ਹੋਸਟਲ ਅਤੇ ਪੀਜੀ (PG) ਦੇ ਆਸ-ਪਾਸ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਵੇਗੀ।























