Dubai ਏਅਰਪੋਰਟ ਨੇ ਸਾਰੀਆਂ ਉਡਾਣਾਂ ਕੀਤੀਆਂ ਰੱਦ
ਨਵੀ ਦਿੱਲੀ, 28 ਫਰਵਰੀ 2026 (ਵਿਸ਼ਵ ਵਾਰਤਾ) – ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਬਣ ਰਹੇ ਜੰਗ ਮਾਹੌਲ ਦੌਰਾਨ ਦੁਬਈ ਏਅਰਪੋਰਟਸ ਨੇ ਐਲਾਨ ਕੀਤਾ ਕਿ ਦੁਬਈ ਇੰਟਰਨੈਸ਼ਨਲ ਏਅਰਪੋਰਟ ਅਤੇ ਦੁਬਈ ਵਰਲਡ ਸੈਂਟਰਲ-ਅਲ ਮਕਤੂਮ ਇੰਟਰਨੈਸ਼ਨਲ ਏਅਰਪੋਰਟ ‘ਤੇ ਸਾਰੀਆਂ ਉਡਾਣਾਂ ਅਗਲੀ ਸੂਚਨਾ ਤੱਕ ਮੁਲਤਵੀ ਰਹਿਣਗੀਆਂ।
ਸ਼ਨੀਵਾਰ ਨੂੰ ਇਜ਼ਰਾਈਲ ਵੱਲੋਂ ਤੇਹਰਾਨ ‘ਤੇ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਇਜ਼ਰਾਈਲ, ਈਰਾਨ, ਦੁਬਈ ਅਤੇ ਇਰਾਕ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ, ਜਿਸ ਨਾਲ ਮੱਧ ਪੂਰਬ ਦੀਆਂ ਕਈ ਦਿਸ਼ਾਵਾਂ ਵਿੱਚ ਹਵਾਈ ਯਾਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਦੱਸ ਦਈਏ ਕਿ ਦੁਬਈ ਅੰਤਰਰਾਸ਼ਟਰੀ ਹਵਾਈ ਅੱਡਾ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਹੈ, ਜਿੱਥੇ ਪ੍ਰਤੀ ਹਫ਼ਤੇ 8,500 ਤੋਂ ਵੱਧ ਉਡਾਣਾਂ ਅਤੇ ਰੋਜ਼ਾਨਾ 1,200 ਤੋਂ ਵੱਧ ਉਡਾਣਾਂ ਦਾ ਸੰਚਾਲਨ ਹੁੰਦਾ ਹੈ।
ਦੁਬਈ ਏਅਰਪੋਰਟਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਵਿੱਚ ਕਿਹਾ, “DXB ਅਤੇ ਦੁਬਈ ਵਰਲਡ ਸੈਂਟਰਲ-ਅਲ ਮਕਤੂਮ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਉਡਾਣ ਸੰਚਾਲਨ ਅਗਲੀ ਸੂਚਨਾ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਯਾਤਰੀਆਂ ਨੂੰ ਏਅਰਪੋਰਟ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਉਡਾਣ ਨਾਲ ਸਬੰਧਤ ਅਪਡੇਟਾਂ ਲਈ ਆਪਣੀ ਏਅਰਲਾਈਨ ਨਾਲ ਸੰਪਰਕ ‘ਚ ਰਹਿਣ।”
ਇਹ ਕਦਮ ਉਸ ਸਮੇਂ ਚੁੱਕਿਆ ਗਿਆ ਜਦੋਂ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲਿਆਂ ਦੇ ਜਵਾਬ ਵਿੱਚ ਈਰਾਨ ਨੇ ਖਾੜੀ ਖੇਤਰਵਿੱਚ ਅਮਰੀਕੀ ਫੌਜੀ ਟਿਕਾਣਿਆਂ ਅਤੇ ਸਹਿਯੋਗੀ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਹਮਲਿਆਂ ਦੀ ਗੂੰਜ ਅਬੂ ਧਾਬੀ, ਦੁਬਈ, ਦੋਹਾ, ਤੱਕ ਸੁਣਾਈ ਦਿੱਤੀ। UAE ਵਿੱਚ ਏਅਰ ਡਿਫੈਂਸ ਸਿਸਟਮ ਨੇ ਕਈ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਮਾਰ ਗਿਰਾਇਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























