PUNJAB : ਜ਼ਿੰਦਗੀ ਦੀ ਜੰਗ ਕੌਣ ਲੜੇਗਾ ? – ਬੁੱਧ ਸਿੰਘ ਨੀਲੋਂ

ਚੰਡੀਗੜ੍ਹ, 7 ਫਰਵਰੀ (ਵਿਸ਼ਵ ਵਾਰਤਾ)PUNJAB : ਸ਼ਬਦ, ਵਾਕ, ਪੈਰਾ ਤੇ ਕਵਿਤਾ ਮਹਿਜ਼ ਸ਼ਬਦਾਂ ਦੀ ਚਿਣਾਈ ਨਹੀਂ ਹੁੰਦੀ। ਬਹੁਤ ਕੁੱਝ ਹੁੰਦਾ ਹੈ, ਕਵਿਤਾ ਦੀ ਦੇਹ ਅੰਦਰ। ਹਾਸੇ, ਠੱਠੇ, ਮਖੌਲ, ਖੁਸ਼ੀਆਂ, ਗ਼ਮੀਆਂ, ਗਿੱਧਾ, ਭੰਗੜਾ, ਗੀਤ ਸੰਗੀਤ, ਸੁਪਨੇ, ਉਮੰਗਾਂ ਤੇ ਕੱਚ ਦੀਆਂ ਵੰਗਾਂ। ਵੰਗਾਂ ਰੰਗ ਬਰੰਗੀਆਂ, ਕਦੇ ਚੜ੍ਹਦੀਆਂ ਤੇ ਕਦੇ ਟੁੱਟ ਦੀਆਂ। ਨਾ ਵੰਗਾਂ ਮੁਕਦੀਆਂ ਤੇ ਨਾ ਵੰਗਾਂ ਚੜ੍ਹਾਉਣ ਤੇ ਤੋੜਣ ਵਾਲੇ। ਵਕ਼ਤ ਬਦਲਦਾ, ਚਿਹਰੇ ਬਦਲਦੇ, ਬਾਹਾਂ ਬਦਲਦੀਆਂ ਤੇ ਸੁਪਨੇ ਬਦਲਦੇ, ਰੁੱਤਾਂ ਬਦਲਦੀਆਂ, ਹਾਸੇ ਬਦਲਦੇ, ਹਾਦਸੇ ਬਣਦੇ। ਹੰਝੂਆਂ ਦੇ ਦਰਿਆ ਵਗਦੇ। ਮਿੱਠੇ ਤੇ ਖਾਰੇ। ਤਾਅਨੇ ਮਿਹਣੇ ਰੰਗ ਰੂਪ ਬਦਲਦੇ। ਕਵਿਤਾਵਾਂ ਦੇ ਦਰਿਆ ਆਉਂਦੇ, ਬੜਾ ਕੁੱਝ ਨਾਲ ਲੈ ਜਾਂਦੇ ਤੇ ਬੜਾ ਕੁੱਝ ਨਵਾਂ ਸਿਰਜਦੇ ਹਨ। ਪੱਤਣ ਬਦਲਦੇ, ਨਵੇਂ ਰਾਹ ਤੇ ਰਸਤੇ ਬਣਾਉਂਦੇ ਹਨ।
ਕੁੱਝ ਨਾਲ ਨਾਲ ਵਗਦੇ ਤੇ ਨਾਲੋਂ ਝੜਦੇ ਹਨ। ਜਿਹੜੇ ਅੜਦੇ ਤੇ ਲੜਦੇ, ਉਹ ਜਿਉਂਦੇ ਜਾਂ ਫਿਰ ਮਰਦੇ ਹਨ। ਉਹ ਕੋਈ ਸਮਝੌਤਾ ਨਾ ਕਰਦੇ। ਪਿਆਰ, ਜੰਗ ਤੇ ਸਿਆਸਤ ਵਿੱਚ ਸਭ ਕੁੱਝ ਜਾਇਜ਼ ਤੇ ਨਾਜਾਇਜ਼ ਹੁੰਦਾ ਹੈ। ਹਾਰਨ ਵਾਲੇ, ਝਾੜਨ ਵਾਲੇ, ਤਾਰਨ ਤੇ ਡੁਬਾਉਣ ਵਾਲੇ, ਬੁੱਕਲ ਦੇ ਸੱਪ ਬਣਦੇ ਹਨ। ਉਹ ਕਿਨਾਰੇ ਉਤੇ ਖੜ੍ਹ ਕੇ ਹੱਸਦੇ ਹਨ। ਨੱਚਦੇ ਤੇ ਟੱਪਦੇ ਗਾਉਂਦੇ ਕਦੇ ਗ਼ਮਾਂ ਦੇ ਤੇ ਕਦੇ ਖੁਸ਼ੀ ਦੇ ਗੀਤ। ਮਿੱਤ ਕਿਸੇ ਦੇ ਨਾ ਹੁੰਦੇ ਪੰਛੀ, ਪਰਦੇਸੀ ਤੇ ਸੁਆਸ। ਇਹ ਵਕਤ ਆਇਆ ਉਡ ਜਾਂਦੇ, ਲੰਮੀ ਉਡਾਰੀ ਭਰਦੇ ਵਾਪਸ ਨਾ ਪਰਤਦੇ। ਰਹਿ ਜਾਂਦੀਆਂ ਪਿਛੇ ਚੰਗੀਆਂ ਤੇ ਮੰਦੀਆਂ ਯਾਦਾਂ। ਕੁੱਝ ਯਾਦਾਂ ਤਾਂ ਯਾਦਗਾਰ ਬਣਦੀਆਂ। ਕਿਸੇ ਲਈ ਰੋਟੀ ਤੇ ਪਾਣੀ ਬਣਦੀਆਂ। ਮਦਾਰੀ ਆਉਂਦੇ, ਮਜਮਾਂ ਲਾਉਂਦੇ, ਤੁਰ ਗਿਆ ਦੀਆਂ ਵਾਰਾਂ ਗਾਉਂਦੇ।
ਤਮਾਸ਼ਬੀਨ ਝੂਮਦੇ, ਖੀਸੇ ਖ਼ਾਲੀ ਕਰ, ਖ਼ਾਲੀ ਹੱਥ ਘਰਾਂ ਨੂੰ ਮੁੜਦੇ। ਉਹ ਕਦੇ ਉਂਝ ਨਾ ਜੁੜਦੇ। ਜਦੋਂ ਵੀ ਉਹ ਜੁੜਦੇ ਤਾਂ ਮਦਾਰੀ ਆਉਂਦੇ ਤੇ ਨਵਾਂ ਅਖਾੜਾ ਲਗਾਉਂਦੇ। ਤਮਾਸ਼ਾ ਦੇਖਣ ਆਇਆ ਨੂੰ ਭਰਮਾਉਂਦੇ। ਸੁਪਨੇ ਵਿਖਾਉਂਦੇ, ਆਉਣ ਵਾਲੀ ਕ੍ਰਾਂਤੀ ਦੇ ਸੋਹਿਲੇ ਗਾਉਂਦੇ। ਅਖਾੜੇ ਬਦਲਦੇ, ਮੱਲ ਬਦਲਦੇ। ਘੋਲ਼ ਹੁੰਦੇ, ਕੋਈ ਜਿੱਤ ਦਾ, ਕੋਈ ਹਾਰਦਾ। ਕੋਈ ਡਿੱਗਦਾ ਤੇ ਕੋਈ ਉੱਠਦਾ। ਤੁਰਦਾ ਨਵੇਂ ਦਿਸਹੱਦਿਆਂ ਵੱਲ ਨੂੰ। ਸਦੀਆਂ ਤੋਂ ਯੁੱਗਾਂ ਤੋਂ ਇਹੋ ਹੀ ਕੁੱਝ ਹੁੰਦਾ ਰਹਿੰਦਾ। ਮੈਦਾਨ ਬਦਲਦੇ ਖਿਡਾਰੀ ਬਦਲਦੇ ਤੇ ਦਰਸ਼ਕ ਬਦਲਦੇ। ਉਹਨਾਂ ਦੀ ਜ਼ਿੰਦਗੀ ਨਾ ਬਦਲਦੀ। ਪੀੜ੍ਹੀ ਦਰ ਪੀੜ੍ਹੀ ਉਹ ਆਪਣੇ ਸਿਰ ਦੀ ਪੰਡ ਆਪਣੇ ਪੁੱਤਰਾਂ ਦੇ ਸਿਰ ਉੱਤੇ ਧਰਦੇ ਤੇ ਮਰ ਜਾਂਦੇ।

ਇਹ ਸਿਲਸਿਲਾ ਸਦੀਆਂ ਤੋਂ ਯੁੱਗਾਂ ਤੋਂ ਜਾਰੀ ਹੈ। ਨਾ ਹਨੇਰ ਮੁੱਕਦਾ ਹੈ ਤੇ ਨਾ ਸੁਪਨੇ ਮਰਦੇ ਹਨ। ਦੇਹਾਂ ਮਰਦੀਆਂ ਪਰ ਸੁਪਨੇ ਜਿਉਂਦੇ ਰਹਿੰਦੇ। ਸੁਪਨਿਆਂ ਨੂੰ ਸਾਕਾਰ ਕਰਨ ਲਈ ਸੰਘਰਸ਼ ਚੱਲਦਾ ਹੈ। ਸੁਪਨੇ ਪੂਰੇ ਨਾ ਹੁੰਦੇ ਤੇ ਦੇਹਾਂ ਪੂਰੀਆਂ ਹੋ ਜਾਂਦੀਆਂ। ਸੁਨੇਹੇ ਆਉਂਦੇ ਤੇ ਜਾਂਦੇ, ਉਹ ਪੂਰਾ ਹੋ ਗਿਆ। ਜੋਂ ਸਾਰੀ ਉਮਰ ਅਧੂਰਾ ਰਿਹਾ ਸੀ। ਦੇਹਾਂ ਆਉਂਦੀਆਂ ਸੋਗ ਮਨਾਉਂਦੀਆਂ। ਦੇਹ ਅੱਗ ਵਿੱਚ ਸੜਦੀ, ਨਵਾਂ ਸਫ਼ਰ ਤਹਿ ਕਰਦੀ। ਕੁੱਝ ਦਿਨ ਗੱਲਾਂ ਹੁੰਦੀਆਂ, ਹੌਲੀ ਹੌਲੀ ਗੱਲਾਂ ਬਾਤਾਂ ਮੁੱਕ ਜਾਂਦੀਆਂ। ਮੁੱਕਣ ਵਾਲ਼ੇ ਮੁੱਕ ਜਾਂਦੇ। ਜਿਉਂਦੇ ਜੀ ਨਾ ਮੁੱਕਣ ਵਾਲੀ ਲੰਮੀ ਜੰਗ ਲੜਦੇ। ਇਹ ਲੜਾਈ ਨਾ ਮੁੱਕਦੀ ਤੇ ਨਾ ਸੁਪਨੇ ਪੂਰੇ ਹੁੰਦੇ। ਘਰ ਮਕਾਨਾਂ ਤੇ ਦੁਕਾਨਾਂ ਵਿੱਚ ਬਦਲਦੇ। ਘਰਾਂ ਵਿੱਚੋਂ ਕਿਲਕਾਰੀਆਂ ਮਾਰਦੇ ਬੱਚੇ ਹੱਸਦੇ, ਨੱਚਦੇ ਤੇ ਗਾਉਂਦੇ ਜ਼ਿੰਦਗੀ ਦੇ ਗੀਤ। ਉਹਨਾਂ ਦੀ ਆਵਾਜ਼ ਨਾ ਸਾਨੂੰ ਸੁਣਦੀ ਤੇ ਨਾ ਉਹ ਗਾਉਣ ਤੋਂ ਹਟਦੇ।
ਸੁਪਨੇ ਜਵਾਨ ਹੁੰਦੇ ਤੇ ਮਰ ਜਾਂਦੇ। ਕਵਿਤਾ ਦੇ ਦਲਾਲ, ਮੰਡੀ ਵਿੱਚ ਕਵਿਤਾ ਦਾ ਮੁੱਲ ਲਾਉਂਦੇ, ਵਪਾਰੀ ਖਰੀਦ ਦੇ। ਸੁਪਨੇ ਵੇਚਣ ਵਾਲੇ ਭਰੇ ਭਰਾਏ ਆਉਂਦੇ ਤੇ ਖਾਲੀ ਹੱਥ ਤੇ ਖ਼ਾਲੀ ਖੀਸਿਆਂ ਨੂੰ ਬੰਦ ਕਰ ਕੇ ਘਰਾਂ ਨੂੰ ਮੁੜਦੇ। ਉਹ ਨਾ ਸੋਚਦੇ ਤੇ ਨਾ ਸਮਝਦੇ ਤੇ ਅਗਲੀ ਬਾਰ ਸੁਪਨੇ ਸਾਕਾਰ ਹੋਣ ਦਾ ਭ੍ਰਮ ਲੈ ਕੇ ਪਰਤਦੇ। ਉਹ ਪੈਰਾਂ ਦੀਆਂ ਪਾਟੀਆਂ ਬਿਆਈਆਂ ਵਿੱਚ ਫਿਰ ਤੋਂ ਸੁਪਨੇ ਬੀਜਦੇ। ਉਹਨਾਂ ਨੂੰ ਖੂਨ ਨਾਲ ਸਿੰਜਦੇ। ਉਹਨਾਂ ਬੂਟਿਆਂ ਨੂੰ ਨਿਹਾਰਦੇ, ਉਹ ਬੂਟਿਆਂ ਨੂੰ ਕਦੇ ਸਰਕਾਰੀ ਬੂਟਾਂ ਨਾਲ ਮਸਲੇ ਜਾਂਦੇ। ਕਦੇ ਖੁਦ ਸੜ ਸੁਕ ਜਾਂਦੇ। ਬੂਟਿਆਂ ਨੂੰ ਬਚਾਉਣ ਲਈ ਉਹ ਇੱਕ ਥਾਂ ਤੋਂ ਦੂਜੇ ਥਾਂ ਉੱਤੇ ਜਾਂਦੇ। ਆਪਣੇ ਆਪ ਨੂੰ ਸੁਰੱਖਿਅਤ ਸਮਝਦੇ। ਅਚਾਨਕ ਉਡਣ ਤਸ਼ਕਰੀਆਂ ਆਉਂਦੀਆਂ। ਲ਼ਹੂ ਦਾ ਮੀਂਹ ਵਰ੍ਹਦਾ, ਕੋਈ ਦੂਰ ਖੜ੍ਹਾ ਖਚਰੀ ਹਾਸੀ ਹੱਸਦਾ। ਕਵੀ ਅਮਨ ਸ਼ਾਂਤੀ ਦੇ ਗੀਤ ਲਿਖਦਾ ਤੇ ਗਾਉਂਦਾ। ਕਵਿਤਾ ਦੇ ਦਲਾਲ ਮੰਡੀ ਵਿੱਚ ਆਉਂਦੇ।
ਖੀਸਿਆਂ ਨੂੰ ਭਰਦੇ, ਤੁਰ ਜਾਂਦੇ, ਕੋਈ ਆਉਂਦਾ ਹੈ ਤੇ ਕੋਈ ਜਾ ਰਿਹਾ ਹੈ। ਇਸ ਆਉਣ ਤੇ ਜਾਣ ਦੇ ਵਿਚਕਾਰ ਜ਼ਿੰਦਗੀ ਤ੍ਰਿਸ਼ੰਕੂ ਵਾਂਗ ਲਟਕਦੀ ਹੈ। ਉਹ ਨਾ ਜਿਉਂਦੀ ਹੈ ਤੇ ਨਾ ਮਰਦੀ ਹੈ। ਸਾਹਮਣੇ ਮਜਮਾਂ ਲੱਗਿਆ ਹੋਇਆ ਹੈ, ਦਰਬਾਰੀ ਕਵੀ ਅੰਨ੍ਹੇ ਰਾਜੇ ਦੀ ਆਰਤੀ ਉਤਾਰਦੇ ਹੋਏ ਘਿਓ ਦੇ ਦੀਵੇ ਜਗਾਉਂਦੇ ਹਨ। ਦੀਵਿਆਂ ਵਿੱਚ ਤੇਲ ਨਹੀਂ, ਭੁੱਖੀਆਂ ਤਿਹਾਈਆਂ ਦੇਹਾਂ ਦਾ ਲ਼ਹੂ ਬਲਦਾ ਹੈ। ਦਰਸ਼ਕ ਤੇ ਸਰੋਤੇ ਝੂੰਮਦੇ ਹਨ। ਉਹਨਾਂ ਨੂੰ ਚੜ੍ਹ ਗਈ ਹੈ, ਸੋਮਰਸ ਦੀ ਗੰਧ। ਉਹਨਾਂ ਨੂੰ ਹੋਸ਼ ਨਹੀਂ। ਉਹ ਕਿਸ ਦੇ ਹੱਥਾਂ ਵਿੱਚ ਕਠਪੁੱਤਲੀਆਂ ਬਣ ਕੇ ਨੱਚਦੇ ਹਨ ਤੇ ਆਪਣੇ ਸੰਘ ਪਾੜਦੇ ਹਨ। ਭੇਸ ਬਦਲ ਕੇ ਆਏ ਲੁਟੇਰਿਆਂ ਦੇ ਸੋਹਿਲੇ ਗਾਉਂਦੇ ਤੇ ਆਪਣੇ ਹੱਥੀਂ ਆਪਣੇ ਮੂੰਹੋਂ ਆਪੋ ਆਪਣਾ ਕੀਰਤਨ ਸੋਹਿਲਾ ਪੜ੍ਹਦੇ, ਕੀਰਤਨ ਕਰਦੇ, ਆਪਣੀ ਅੰਤਿਮ ਅਰਦਾਸ ਪੜ੍ਹਦੇ ਹਨ। ਕਵਿਤਾ ਦੇ ਵਪਾਰੀ ਤੇ ਸ਼ਿਕਾਰੀ ਅਧਿਕਾਰੀਆਂ ਨਾਲ ਸੌਦਾ ਕਰਦੇ।

ਬੁੱਕਲ ਵਿੱਚ ਗੁੜ ਭੰਨਦੇ। ਦੇਖ਼ਣ ਵਾਲੇ ਦੇਖਦੇ ਹੋਏ ਵੀ ਨਾ ਸਮਝਦੇ, ਉਹਨਾਂ ਦੀ ਬੁੱਕਲ ਵਿੱਚ ਲੁਕਾ ਕੇ ਰੱਖੇ ਉਹ ਗੀਤ ਜਿਹੜੇ ਦਰਬਾਰੀ ਕਵੀਆਂ ਨੇ ਆਦਰਸ਼ਵਾਦੀ ਤੇ ਜੁਝਾਰਵਾਦੀ ਰੰਗ ਵਿੱਚ ਰੰਗੇ ਸਨ। ਦਰਬਾਰ ਖੁੱਲ੍ਹਾ ਹੈ, ਸੋਮਰਸ ਤੇ ਭੰਗ ਦਾ ਭੰਡਾਰਾ ਵਰਤਾਇਆ ਜਾ ਰਿਹਾ ਹੈ। ਇਹ ਸਿਲਸਿਲਾ ਜਾਰੀ ਹੈ। ਕਦੋਂ ਤੱਕ ਚੱਲੇਗਾ ਇਹ ਦਰਬਾਰ? ਕਦੋਂ ਦੇਹਾਂ ਵਿੱਚ ਜਾਨ ਪਵੇਗੀ ਤੇ ਜ਼ਿੰਦਗੀ ਨੂੰ ਜਿਉਂਣ ਲਈ ਜੰਗ ਲੜਣਗੇ? ਜ਼ਿੰਦਗੀ ਦੀ ਹਾਲਤ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਵਰਗੀ ਬਣ ਗਈ ਹੈ। ਇੱਕ ਦੁੱਖ ਦੂਰ ਨਹੀਂ ਹੁੰਦਾ, ਦੂਜਾ ਆ ਜਾਂਦਾ ਹੈ। ਇਹ ਆਈ ਤੇ ਚਲਾਈ ਦਾ ਸਿਲਸਿਲਾ ਕਦੋਂ ਤੱਕ ਚੱਲੇਗਾ?
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

























