Bank Strike : ਬੈਂਕ ਕਰਮਚਾਰੀਆਂ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਸੱਦਾ
– ਲਗਾਤਾਰ ਤਿੰਨ ਦਿਨ ਕੰਮਕਾਜ ਰਹੇਗਾ ਠੱਪ!
ਨਵੀ ਦਿੱਲੀ, 4 ਜਨਵਰੀ (ਵਿਸ਼ਵ ਵਾਰਤਾ): ਬੈਂਕ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ਼ ਦੀ ਚੇਤਾਵਨੀ ਦਿੱਤੀ ਗਈ ਹੈ। ਜੇਕਰ ਇਹ ਹੜਤਾਲ ਹੁੰਦੀ ਹੈ, ਤਾਂ ਇਸਦਾ ਪ੍ਰਭਾਵ ਲਗਾਤਾਰ ਤਿੰਨ ਦਿਨਾਂ ਬੈਂਕਾਂ ਦੇ ਕੰਮਕਾਜ ‘ਤੇ ਪਵੇਗਾ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਦੀ ਅਗਵਾਈ ਹੇਠ ਬੈਂਕ ਕਰਮਚਾਰੀ ਯੂਨੀਅਨਾਂ ਨੇ 5 ਦਿਨਾਂ ਦੇ ਕੰਮਕਾਜੀ ਹਫ਼ਤੇ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ 27 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਹੜਤਾਲ ਕਾਰਨ ਲਗਾਤਾਰ ਤਿੰਨ ਦਿਨ 25, 26 ਅਤੇ 27 ਜਨਵਰੀ ਨੂੰ ਬੈਂਕਾਂ ਚ ਕੰਮਕਾਜ ਠੱਪ ਰਹਿ ਸਕਦਾ ਹੈ, ਕਿਉਂਕਿ 25 ਅਤੇ 26 ਤਰੀਕ ਨੂੰ ਗਣਤੰਤਰ ਦਿਵਸ ਦੀਆਂ ਛੁੱਟੀਆਂ ਹਨ।
ਯੂਐਫਬੀਯੂ ਨੇ ਇੱਕ ਬਿਆਨ ਵਿੱਚ ਕਿਹਾ ਕਿ “ਕੰਮਕਾਜੀ ਘੰਟਿਆਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਅਸੀਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹਰ ਰੋਜ਼ 40 ਮਿੰਟ ਵਾਧੂ ਕੰਮ ਕਰਨ ਲਈ ਸਹਿਮਤ ਹਾਂ।” UFBU ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਹੈ। ਆਰਬੀਆਈ, ਐਲਆਈਸੀ, ਜੀਆਈਸੀ, ਆਦਿ ‘ਚ ਪਹਿਲਾਂ ਹੀ ਹਫ਼ਤੇ ਵਿੱਚ ਪੰਜ ਦਿਨ ਕੰਮਕਾਜ ਹੁੰਦੇ ਹਨ, ਅਤੇ ਵਿਦੇਸ਼ੀ ਮੁਦਰਾ ਬਾਜ਼ਾਰ, ਮੁਦਰਾ ਬਾਜ਼ਾਰ, ਸਟਾਕ ਮਾਰਕੀਟ, ਆਦਿ ਵੀ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ। ਬੈਂਕਾਂ ਵੱਲੋਂ 5 ਦਿਨਾਂ ਦਾ ਹਫ਼ਤਾ ਸ਼ੁਰੂ ਨਾ ਕਰਨ ਦਾ ਕੋਈ ਕਾਰਨ ਨਹੀਂ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























