Latest News: ਦੁਕਾਨਦਾਰਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਸਮਾਂਬੱਧ ਤਰੀਕੇ ਨਾਲ ਹਲ ਕੀਤਾ ਜਾਵੇਗਾ – ਵਿਨੀਤ ਵਰਮਾ
ਵਪਾਰੀ ਕਮਿਸ਼ਨ ਦੇ ਮੈਂਬਰ ਅਤੇ ਐਸ ਪੀ ਵਲੋਂ ਫੇਜ਼ 3ਬੀ2 ਦੇ ਦੁਕਾਨਦਾਰਾਂ ਨਾਲ ਮੀਟਿੰਗ
ਐਸ ਏ ਐਸ ਨਗਰ, 19 ਨਵੰਬਰ (ਵਿਸ਼ਵ ਵਾਰਤਾ):- ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਵਪਾਰੀਆਂ ਨੂੰ ਦਰਪੇਸ਼ ਮਸਲਿਆਂ ਦੇ ਹਲ ਲਈ ਵਚਨਬੱਧ ਹੈ ਅਤੇ ਵਪਰੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾ ਰਿਹਾ ਹੈ।
ਮੁਹਾਲੀ ਦੇ ਐਸ ਪੀ ਦਿਲਪ੍ਰੀਤ ਸਿੰਘ ਦੇ ਨਾਲ ਮਾਰਕੀਟ ਐਸੋਸੀਏਸ਼ਨ ਫੇਜ਼ 3ਬੀ2 ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਉਪਰੰਤ ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਦੁਕਾਨਦਾਰਾਂ ਵਲੋਂ ਆਪਣੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਹਨਾਂ ਨੂੰਪਹਿਲ ਦੇ ਆਧਾਰ ਤੇ ਹਲ ਕਰਵਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਮਾਰਕੀਟ ਵਿੱਚ ਸਮੇਂ ਦੀਆਂ ਪਾਬੰਦੀਆਂ ਅਤੇ ਮਾਰਕੀਟ ਤੋਂ ਅਣਅਧਿਕਾਰਤ ਵਿਕਰੇਤਾਵਾਂ ਨੂੰ ਹਟਾਉਣ ਅਤੇ ਮਾਰਕੀਟ ਦੀਆਂ ਹੋਰ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਟ੍ਰੇਡਰਜ਼ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ. ਅਕਵਿੰਦਰ ਸਿੰਘ ਗੋਸਲ ਵਲੋਂ ਮਾਰਕੀਟ ਖੇਤਰ ਵਿੱਚ ਦੇਰ ਰਾਤ ਤੱਕ ਚਲਦੀਆਂ ਗਤੀਵਿਧੀਆਂ ਅਤੇ ਅਣਅਧਿਕਾਰਤ ਵਿਕਰੇਤਾਵਾਂ ਕਾਰਨ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਮਾਰਕੀਟ ਰਾਤ 11:00 ਵਜੇ ਤੱਕ ਬੰਦ ਕਰਵਾਈ ਜਾਵੇ ਅਤੇ ਅਣਅਧਿਕਾਰਤ ਵਿਕਰੇਤਾਵਾਂ ਨੂੰ ਰੋਕਣ ਲਈ ਜ਼ਰੂਰੀ ਉਪਾਅ ਕੀਤੇ ਜਾਣ।
ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਨਸ਼ੇੜੀ ਜਨਤਕ ਥਾਵਾਂ ਤੇ ਸ਼ਰਾਬ ਪੀਂਦੇ ਹਨ ਅਤੇ ਉੱਥੇ ਹੀ ਪਿਸ਼ਾਬ ਕਰਦੇ ਹਨ। ਇਸ ਕਾਰਨ ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਹੁੰਦੀ ਹੈ ਅਤੇ ਆਮ ਗ੍ਰਾਹਕ ਮਾਰਕੀਟ ਵਿੱਚ ਆਉਣ ਤੋਂ ਪਰਹੇਜ ਕਰਦੇ ਹਨ। ਇਸ ਦੌਰਾਨ ਅਣਅਧਿਕਾਰਤ ਤੌਰ ਤੇ ਸਾਮਾਨ ਵੇਚਣ ਵਾਲੇ ਆਪਣੀਆਂ ਨਿੱਜੀ ਕਾਰਾਂ ਅਤੇ ਹੋਰ ਵਾਹਨਾਂ ਵਿੱਚ ਬਾਜ਼ਾਰ ਵਿੱਚ ਆਉਂਦੇ ਹਨ ਅਤੇ ਪਾਰਕਿੰਗ ਖੇਤਰਾਂ ਵਿੱਚ ਗੱਡੀਆਂ ਖੜ੍ਹਾ ਕੇ ਸਾਮਾਨ ਵੇਚਦੇ ਹਨ। ਜੇਕਰ ਦੁਕਾਨਦਾਰਾਂ ਵਲੋਂ ਇਤਰਾਜ ਕੀਤਾ ਜਾਵੇ ਤਾਂ ਇਹ ਉਹਨਾਂ ਨਾਲ ਲੜਦੇ ਹਨ। ਇਸ ਕਾਰਨ ਦੂਜੇ ਗ੍ਰਾਹਕਾਂ ਨੂੰ ਗੱਡੀਆਂ ਖੜ੍ਹਾਉਣ ਲਈ ਥਾਂ ਨਹੀਂ ਮਿਲਦੀ ਅਤੇ ਉਹ ਪਰੇਸ਼ਾਨ ਹੁੰਦੇ ਹਨ। ਦੁਕਾਨਦਾਰਾਂ ਵਲੋਂ ਮੰਗ ਕੀਤੀ ਗਈ ਕਿ ਗਾਹਕਾਂ ਅਤੇ ਵਪਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਣਅਧਿਕਾਰਤ ਗਤੀਵਿਧੀਆਂ ਤੇ ਕਾਬੂ ਕਰਨ ਲਈ ਠੋਸ ਪ੍ਰਬੰਧ ਕੀਤੇ ਜਾਣ।
ਸ੍ਰੀ ਵਿਨੀਤ ਵਰਮਾ ਨੇ ਦੱਸਿਆ ਕਿ ਮੌਕੇ ਤੇ ਫੈਸਲਾ ਕੀਤਾ ਗਿਆ ਕਿ ਮਾਰਕੀਟ ਵਿੱਚ ਗੈਰ ਸਮਾਜੀ ਅਨਸਰਾਂ ਦੀਆਂ ਕਾਰਵਾਈਆਂ ਤੇ ਰੋਕ ਲਗਾਉਣ ਲਈ ਥਾਣਾ ਮਟੌਰ ਦੇ ਐਸ ਐਚ ਓ ਅਤੇ ਮਾਰਕੀਟ ਦੇ ਪ੍ਰਧਾਨ ਦੀ ਅਗਵਾਈ ਵਿਚ ਇੱਕ ਨੋਡਲ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਅਜਿਹੇ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਣਅਧਿਕਾਰਤ ਤਰੀਕੇ ਨਾਲ ਸਾਮਾਨ ਵੇਚਣ ਵਾਲਿਆਂ ਤੇ ਕਾਬੂ ਕਰਨ ਲਈ ਪੁਲੀਸ ਅਤੇ ਨਗਰ ਨਿਗਮ ਦੀ ਸਾਂਝੀ ਟੀਮ ਥਣਾ ਕੇ ਇਹਨਾਂ ਵਿਕਰੇਤਾਵਾਂ ਨੂੰ ਇੱਥੋਂ ਹਟਾਇਆ ਜਾਵੇਗਾ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਹਲ ਕੀਤਾ ਜਾਵੇਗਾ।
ਇਸ ਮੌਕੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ, ਜਨਰਲ ਸਕੱਤਰ ਸ੍ਰੀ ਵਰੁਣ ਗੁਪਤਾ, ਖਜਾਂਚੀ ਸ. ਜਤਿੰਦਰ ਪਾਲ ਸਿੰਘ ਢੀਂਗਰਾ, ਅੰਕਿਤ ਕੁਮਾਰ, ਰਾਜੀਵ ਭਾਟੀਆ, ਤਰਲੋਚਨ ਸਿੰਘ ਬੈਦਵਾਨ ਅਤੇ ਹੋਰ ਦੁਕਾਨਦਾਰ ਵੀ ਮੌਜੂਦ ਸਨ।























