ਚੰਡੀਗੜ੍ਹ 8 ਫ਼ਰਵਰੀ: ਪੰਜਾਬ ਪੁਲਿਸ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਵਜੋਂ ਇਸ ਸਾਲ ਰਾਸ਼ਟਰੀ ਸੜਕ ਸੁਰੱਖਿਆ ਦਿਵਸ ਨੂੰ ਰਾਜ ਵਿੱਚ ਪੈਦਲ ਯਾਤਰੀਆਂ ਦੀ ਸੁਰੱਖਿਆ ਲਈ ਅਧਿਕਾਰ ਦੇ ਰੂਪ ਵਿਚ ਸਮਰਪਿਤ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੋਵੇਗਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ ਦੀਆਂ ਚਾਰੇ ਦਿਸ਼ਾਵਾਂ ਵਿਚ ਮਨੁੱਖਤਾ ਲਈ ਪਿਆਰ, ਸਮਾਨਤਾ ਅਤੇ ਨਿਸ਼ਕਾਮ ਸੇਵਾ ਦੇ ਮਾਰਗ ਨੂੰ ਦਰਸਾਉਣ ਲਈ 28000 ਕਿਲੋਮੀਟਰ ਤੋਂ ਵੱਧ ਦੀ ਪੈਦਲ ਯਾਤਰਾ ਕੀਤੀ ਸੀ ਜਿਨ੍ਹਾਂ ਨੂੰ ਚਾਰ ਉਦਾਸੀਆਂ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਮੰਤਵ ਤਹਿਤ ਸ਼ਹਿਰਾਂ ਅਤੇ ਕਸਬਿਆਂ ਵਿੱਚ 550 ਮੀਟਰ ਲੰਬੇ ਮਨੁੱਖੀ ਕੜੀ ਆਮ ਲੋਕਾਂ, ਵਿਦਿਆਰਥੀਆਂ ਅਤੇ ਐਨਜੀਓਜ਼ ਦੀ ਮਦਦ ਨਾਲ ਬਣਾਈ ਜਾਵੇਗੀ ਤਾਂ ਜੋ ਪੈਦਲ ਯਾਤਰੀਆਂ ਦੇ ਅਧਿਕਾਰਾਂ ਤੇ ਹੱਕਾਂ ਦਾ ਸਨਮਾਨ ਕੀਤਾ ਜਾ ਸਕੇ। ਇਸ ਦੇ ਸਬੰਧ ਵਿੱਚ ਸਾਰੇ ਪੁਲਿਸ ਜਿਲ੍ਹਿਆਂ ਵਲੋਂ ਪੈਦਲ ਯਾਤਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰੋਗਰਾਮ 30ਵੇਂ ਨੈਸ਼ਨਲ ਸੜਕ ਸੁਰੱਖਿਆ ਹਫ਼ਤਾ (4 ਫਰਵਰੀ ਤੋਂ 10 ਫਰਵਰੀ, 2019 ਤੱਕ) ਮਨਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਨੁੱਖੀ ਕੜੀ ਵਿਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਬੰਧੀ ਪੰਕਤੀਆਂ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਸਬੰਧੀ ਤਖਤੀਆਂ ‘ਤੇ ਨਾਅਰੇ ਲਿੱਖ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਪ੍ਰਤੀ ਇਕ ਸੱਚੀ ਸ਼ਰਧਾਂਜਲੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਸਾਰੇ ਜਿਲਿਆਂ ਦੇ ਪੁਲਿਸ ਮੁਖੀਆਂ ਨੂੰ ਪਹਿਲਾਂ ਹੀ ਅਜਿਹੇ ਪ੍ਰੋਗਰਾਮਾਂ ਦੀ ਵਿਵਸਥਾ ਅਤੇ ਨਿਗਰਾਨੀ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ ਹਨ। ਇਸ ਪ੍ਰੋਗਰਾਮ ਦਾ ਆਯੋਜਨ ਕਰਨ ਦਾ ਅਸਲ ਮੰਤਵ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਜੋਂ ਇਸ ਦਿਨ ਨੂੰ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ ਹੈ ਤਾਂ ਜੋ ਦੁਨੀਆਂ ਵਿਚ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਸਕੇ।